ਪਾਕਿ ਰੇਂਜਰਾਂ ਵੱਲੋਂ ਤੀਜੇ ਦਿਨ ਵੀ ਬੀਐੱਸਐੱਫ ਜਵਾਨ ਨੂੰ ਸੌਂਪਣ ਤੋਂ ਇਨਕਾਰ
ਨਵੀਂ ਦਿੱਲੀ, 25 ਅਪਰੈਲ
ਪਾਕਿਸਤਾਨ ਨੇ ਅੱਜ ਲਗਾਤਾਰ ਤੀਜੇ ਦਿਨ ਗ਼ਲਤੀ ਨਾਲ ਪਾਕਿਸਤਾਨ ਦੀ ਹੱਦ ਵਿਚ ਦਾਖ਼ਲ ਹੋਏ ਬੀਐੱਸਐੱਫ ਦੇ ਜਵਾਨ ਨੂੰ ਭਾਰਤ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਬੀਐੱਸਐੱਫ ਜਵਾਨ ਦੇ ਥਹੁ-ਪਤੇ ਬਾਰੇ ਦੱਸਣ ਤੋਂ ਇਨਕਾਰੀ ਹੈ। ਬੀਐੱਸਐੱਫ ਦੀ 182ਵੀਂ ਬਟਾਲੀਅਨ ਦੇ ਕਾਂਸਟੇਬਲ ਪੂਰਨਮ ਸਾਹੂ ਨੂੰ ਪਾਕਿਸਤਾਨੀ ਰੇਂਜਰਾਂ ਨੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸਰਹੱਦ ਨਾਲ ਲੱਗਦੇ ਖੇਤਾਂ ਵਿਚੋਂ ਫੜ ਲਿਆ ਸੀ।
ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਬੀਐੱਸਐੱਫ ਨੇ ਆਪਣੇ ਜਵਾਨ ਦੀ ਰਿਹਾਈ ਯਕੀਨੀ ਬਣਾਉਣ ਲਈ ਕਈ ਸੰਪਰਕ ਕੀਤੇ ਹਨ ਅਤੇ ਰੇਂਜਰਾਂ ਨਾਲ ਫਲੈਗ ਮੀਟਿੰਗਾਂ ਦੀ ਮੰਗ ਵੀ ਕੀਤੀ ਹੈ, ਪਰ ਹੁਣ ਤੱਕ ਕੋਈ ‘ਸਕਾਰਾਤਕਮਕ’ ਜਵਾਬ ਨਹੀਂ ਮਿਲਿਆ ਹੈ। ਇਹ ਘਟਨਾ ਅਜਿਹੇ ਮੌਕੇ ਵਾਪਰੀ ਹੈ ਜਦੋਂ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ, ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ।
ਉਧਰ ਬੀਐੱਸਐੱਫ ਨੇ ਵੀ ਆਪਣੀਆਂ ਸਾਰੀਆਂ ਫੌਜਾਂ ਨੂੰ ਅਲਰਟ ਕਰ ਦਿੱਤਾ ਹੈ। ਪਹਿਲਗਾਮ ਹਮਲੇ ਅਤੇ ਇਸ ਨਾਲ ਸਬੰਧਤ ਘਟਨਾਵਾਂ ਦੇ ਮੱਦੇਨਜ਼ਰ ਉੱਤਰ ਵਿੱਚ ਜੰਮੂ ਤੋਂ ਪੱਛਮ ਵਿੱਚ ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੱਕ 2,289 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ ’ਤੇ ‘ਵਧੇਰੇ ਚੌਕਸੀ’ ਵਰਤਣ ਲਈ ਕਿਹਾ ਹੈ।
ਸੂਤਰਾਂ ਨੇ ਕਿਹਾ ਕਿ ਬੀਐੱਸਐੱਫ ਆਪਣੇ ਜਵਾਨ ਦੀ ਜਲਦੀ ਰਿਹਾਈ ਲਈ ਰੇਂਜਰਾਂ ਨਾਲ ਫੀਲਡ ਕਮਾਂਡਰ ਪੱਧਰ ਦੀ ਮੀਟਿੰਗ ਦੀ ਮੰਗ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਸਥਾਪਿਤ ਪ੍ਰੋਟੋਕੋਲ ਅਨੁਸਾਰ, ਕਿਸੇ ਹਥਿਆਰਬੰਦ ਕਰਮਚਾਰੀ ਦੇ ਅਣਜਾਣੇ ਵਿੱਚ ਭਟਕਣ ਦੇ ਅਜਿਹੇ ਕਿਸੇ ਵੀ ਮਾਮਲੇ ਨੂੰ ਪੇਸ਼ੇਵਰ ਅਤੇ ਤੁਰੰਤ ਤਰੀਕੇ ਨਾਲ ਨਜਿੱਠਿਆ ਜਾਂਦਾ ਹੈ।
ਸੂਤਰਾਂ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਬੀਐੱਸਐੱਫ ਜਵਾਨ ਬਹੁਤ ਜਲਦੀ ਆਪਣੀ ਫੋਰਸ ਨਾਲ ਹੋਵੇਗਾ। ਇਸ ਦੌਰਾਨ ਪੱਛਮੀ ਬੰਗਾਲ ਦੇ ਹੁਗਲੀ ਵਿੱਚ ਸਾਹੂ ਦਾ ਪਰਿਵਾਰ ਉਸ ਦੀ ਸੁਰੱਖਿਆ ਅਤੇ ਜਲਦੀ ਵਾਪਸੀ ਲਈ ਪ੍ਰਾਰਥਨਾ ਕਰ ਰਿਹਾ ਹੈ। -ਪੀਟੀਆਈ