ਦਰਜਾਬੰਦੀ: ਇੱਕ ਰੋਜ਼ਾ ਤੇ ਟੀ-20 ਕ੍ਰਿਕਟ ’ਚ ਭਾਰਤ ਦੀ ਸਰਦਾਰੀ ਕਾਇਮ
ਦੁਬਈ, 5 ਮਈ
ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਅੱਜ ਜਾਰੀ ਤਾਜ਼ਾ ਸਾਲਾਨਾ ਪੁਰਸ਼ ਰੈਂਕਿੰਗ ਵਿੱਚ ਭਾਰਤ ਨੇ ਇੱਕ ਰੋਜ਼ਾ ਅਤੇ ਟੀ-20 ਫਾਰਮੈਟ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਪਰ ਟੈਸਟ ਵਿੱਚ ਇੱਕ ਸਥਾਨ ਹੇਠਾਂ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਟੈਸਟ ਵਿੱਚ ਆਸਟਰੇਲੀਆ ਸਿਖਰਲੇ ਸਥਾਨ ’ਤੇ ਕਾਬਜ਼ ਹੈ। ਤਾਜ਼ਾ ਰੈਂਕਿੰਗ ਵਿੱਚ ਮਈ 2024 ਤੋਂ ਬਾਅਦ ਖੇਡੇ ਗਏ ਸਾਰੇ ਮੈਚਾਂ ਦੀ ਦਰ 100 ਫੀਸਦ ਅਤੇ ਉਸ ਤੋਂ ਪਹਿਲਾਂ ਦੇ ਦੋ ਸਾਲਾਂ ਦੀ ਦਰ 50 ਫੀਸਦ ਹੈ। ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਪਹੁੰਚਣ ਵਾਲੇ ਭਾਰਤ ਨੂੰ ਇੱਕ ਰੋਜ਼ਾ ਰੈਂਕਿੰਗ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਦਾ ਫਾਇਦਾ ਮਿਲਿਆ ਹੈ। ਇਸ ਨਾਲ ਉਸ ਦੇ ਰੇਟਿੰਗ ਅੰਕ 122 ਤੋਂ ਵਧ ਕੇ 124 ਹੋ ਗਏ ਹਨ। ਚੈਂਪੀਅਨਜ਼ ਟਰਾਫੀ ਦਾ ਉਪ ਜੇਤੂ ਨਿਊਜ਼ੀਲੈਂਡ, ਆਸਟਰੇਲੀਆ ਨੂੰ ਪਛਾੜ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਆਸਟਰੇਲੀਆ ਹੁਣ ਤੀਜੇ ਸਥਾਨ ’ਤੇ ਹੈ।
ਟੀ-20 ਵਿੱਚ ਵੀ ਭਾਰਤ ਸਿਖਰ ’ਤੇ ਬਰਕਰਾਰ ਹੈ, ਹਾਲਾਂਕਿ ਦੂਜੇ ਸਥਾਨ ’ਤੇ ਕਾਬਜ਼ ਆਸਟਰੇਲੀਆ ’ਤੇ ਉਸ ਦੀ ਲੀਡ 10 ਤੋਂ ਘੱਟ ਕੇ ਨੌਂ ਅੰਕ ਰਹਿ ਗਈ ਹੈ। ਸਾਲਾਨਾ ਅਪਡੇਟ ਵਿੱਚ ਪਹਿਲੀ ਵਾਰ ਆਲਮੀ ਟੀ-20 ਰੈਂਕਿੰਗ ਵਿੱਚ 100 ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਸੂਚੀ ਵਿੱਚ ਉਹ ਸਾਰੀਆਂ ਟੀਮਾਂ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਤਿੰਨ ਸਾਲਾਂ ’ਚ ਘੱਟੋ-ਘੱਟ ਅੱਠ ਟੀ-20 ਕੌਮਾਂਤਰੀ ਮੈਚ ਖੇਡੇ ਹਨ। ਇਸ ਵਿੱਚ ਇੰਗਲੈਂਡ ਤੀਜੇ ਸਥਾਨ ’ਤੇ ਹੈ, ਜਦਕਿ ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ’ਤੇ ਹਨ। ਆਸਟਰੇਲੀਆ ਨੇ ਟੈਸਟ ਟੀਮ ਰੈਂਕਿੰਗ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। -ਪੀਟੀਆਈ