Pahalgam terror attack ਸਰਕਾਰ ਵੱਲੋਂ ਪਾਕਿ ਨਾਗਰਿਕਾਂ ਨੂੰ 14 ਵਰਗਾਂ ਵਿਚ ਜਾਰੀ ਵੀਜ਼ੇ ਰੱਦ
ਨਵੀਂ ਦਿੱਲੀ, 25 ਅਪਰੈਲ
Govt revokes 14 categories of visas given to Pakistani nationals ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿਚ 26 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਪਾਕਿਸਤਾਨੀ ਨਾਗਰਿਕਾਂ ਨੂੰ ਬਿਜ਼ਨਸ, ਕਾਨਫਰੰਸ, ਵਿਜ਼ਿਟਰ ਤੇ ਤੀਰਥ ਯਾਤਰਾ ਸਣੇ ਕੁੱਲ 14 ਵਰਗਾਂ ਵਿਚ ਜਾਰੀ ਵੀਜ਼ੇ ਰੱਦ ਕਰ ਦਿੱਤੇ ਹਨ। ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਵੀ ਪਾਕਿਸਤਾਨੀ ਨਾਗਰਿਕ ਦੇਸ਼ ਛੱਡਣ ਲਈ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਭਾਰਤ ਵਿੱਚ ਨਾ ਰਹੇ।
ਸ਼ਾਹ ਦੀ ਮੁੱਖ ਮੰਤਰੀਆਂ ਨਾਲ ਟੈਲੀਫੋਨ ’ਤੇ ਗੱਲਬਾਤ ਤੋਂ ਬਾਅਦ, ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਜਿਨ੍ਹਾਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਨਿਰਧਾਰਿਤ ਸਮੇਂ ਸੀਮਾ ਤੱਕ ਭਾਰਤ ਛੱਡ ਦੇਣਾ ਚਾਹੀਦਾ ਹੈ।
ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਇਹ ਹੁਕਮ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਲੰਮੀ ਮਿਆਦ ਦੇ ਵੀਜ਼ਾ (LTV) ਅਤੇ ਡਿਪਲੋਮੈਟਿਕ ਅਤੇ ਅਧਿਕਾਰਤ ਵੀਜ਼ਾ ’ਤੇ ਲਾਗੂ ਨਹੀਂ ਹੋਵੇਗਾ। ਗ੍ਰਹਿ ਮੰਤਰਾਲੇ ਦੇ ਹੁਕਮ ਅਨੁਸਾਰ, ਸਾਰਕ ਵੀਜ਼ਾ ਰੱਖਣ ਵਾਲਿਆਂ ਨੂੰ 26 ਅਪਰੈਲ ਤੱਕ ਭਾਰਤ ਛੱਡਣਾ ਪਵੇਗਾ ਅਤੇ ਜਿਨ੍ਹਾਂ ਕੋਲ ਆਗਮਨ ’ਤੇ ਵੀਜ਼ਾ, ਕਾਰੋਬਾਰ, ਫਿਲਮ, ਪੱਤਰਕਾਰ, ਆਵਾਜਾਈ, ਕਾਨਫਰੰਸ, ਪਹਾੜ ਚੜ੍ਹਾਉਣ, ਵਿਦਿਆਰਥੀ, ਵਿਜ਼ਿਟਰ, ਸਮੂਹ ਸੈਲਾਨੀ ਅਤੇ ਤੀਰਥ ਯਾਤਰੀ ਵੀਜ਼ਾ ਹੈ, ਉਨ੍ਹਾਂ ਨੂੰ 27 ਅਪਰੈਲ ਤੱਕ ਭਾਰਤ ਛੱਡਣਾ ਪਵੇਗਾ।
ਪਾਕਿਸਤਾਨ ਦੇ ਘੱਟਗਿਣਤੀਆਂ, ਜਿਨ੍ਹਾਂ ਕੋਲ ਤੀਰਥ ਯਾਤਰਾ ਵੀਜ਼ਾ ਹੈ, ਨੂੰ 27 ਅਪਰੈਲ ਤੱਕ ਦੇਸ਼ ਛੱਡਣਾ ਹੋਵੇਗਾ ਜਦੋਂਕਿ ਮੈਡੀਕਲ ਵੀਜ਼ਾ ਵਾਲੇ ਲੋਕਾਂ ਨੂੰ 29 ਅਪਰੈਲ ਤੱਕ ਦੇਸ਼ ਛੱਡ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਕੋਈ ਨਵਾਂ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। -ਪੀਟੀਆਈ