ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 10 ਨਾਗਰਿਕਾਂ ਦੀ ਮੌਤ
ਆਦਿਲ ਅਖਜ਼ਰ
ਸ੍ਰੀਨਗਰ, 07 ਮਈ
ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਪਾਕਿਸਤਾਨ ਵੱਲੋਂ ਭਾਰੀ ਗੋਲਾਬਾਰੀ ਜਿਸ ਵਿਚ ਤੋਪਖਾਨੇ ਦੀ ਵਰਤੋਂ ਵੀ ਸ਼ਾਮਲ ਹੈ, ਵਿਚ ਇਕ ਮਹਿਲਾ ਤੇ ਦੋ ਬੱਚਿਆਂ ਸਣੇ 10 ਨਾਗਰਿਕ ਮਾਰੇ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 6-7 ਮਈ ਦੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਸਾਹਮਣੇ ਕੰਟਰੋਲ ਰੇਖਾ ਅਤੇ ਕੋਮਾਂਤਰੀ ਸਰਹੱਦ (ਆਈਬੀ) ਦੇ ਪਾਰ ਚੌਕੀਆਂ ਤੋਂ ਮਨਮਾਨੀ ਗੋਲੀਬਾਰੀ ਸ਼ੁਰੂ ਕੀਤੀ, ਜਿਸ ਵਿੱਚ ਤੋਪਖਾਨੇ ਦੀ ਗੋਲੀਬਾਰੀ ਵੀ ਸ਼ਾਮਲ ਹੈ।
ਕੰਟਰੋਲ ਰੇਖਾ ’ਤੇ ਕੀਤੀ ਜਾ ਰਹੀ ਗੋਲੀਬਾਰੀ ਦੋਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਲਦੀਲ ਕਰਨ ਦੇ ਹੁਕਮ ਦਿੱਤੇ ਹਨ। ਮਨੋਜ ਸਿਨਹਾ ਨੇ ਕਿਹਾ ਕਿ ਅਸੀ ਜੰਮੂ ਕਸ਼ਮੀਰ ਵਿਚ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਤਿਆਰ ਹਾਂ।
ਫੌਜ ਨੇ ਕਿਹਾ, “ਅੰਨ੍ਹੇਵਾਹ ਗੋਲੀਬਾਰੀ/ਗੋਲਾਬਾਰੀ ਵਿੱਚ 10 ਆਮ ਨਾਗਰਿਕਾਂ ਦੀ ਜਾਨ ਚਲੀ ਗਈ।” ਇਹ ਵੀ ਕਿਹਾ ਕਿ ਭਾਰਤੀ ਫੌਜ ਢੁੱਕਵੇਂ ਢੰਗ ਨਾਲ ਜਵਾਬ ਦੇ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਗੋਲੀਬਾਰੀ ਕਾਰਨ ਜੰਮੂ ਦੇ ਪੁਣਛ ਖੇਤਰ ਵਿੱਚ 10 ਨਾਗਰਿਕਾਂ ਦੀ ਮੌਤ ਹੋ ਗਈ। ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨੇੜੇ ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰੇ 1 ਵਜੇ ਤੋਂ ਬਾਅਦ ਭਾਰੀ ਗੋਲਾਬਾਰੀ ਸ਼ੁਰੂ ਹੋਈ। ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਦੇ ਇਕ ਨਿਵਾਸੀ ਨੇ ‘ਟ੍ਰਿਬਿਊਨ ਸਮੂਹ‘ ਨਾਲ ਗੱਲ ਕਰਦਿਆਂ ਕਿਹਾ, “ਭਾਰੀ ਗੋਲਾਬਾਰੀ ਹੋ ਰਹੀ ਹੈ... ਅਸੀਂ ਬੰਕਰਾਂ ਵਿਚ ਪਨਾਹ ਲਈ ਹੈ।”
ਸਥਾਨਕ ਲੋਕਾਂ ਨੇ ਦੱਸਿਆ ਕਿ ਗੋਲੀਬਾਰੀ ਕਾਰਨ ਤੰਗਧਾਰ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਬਾਰਾਮੂਲਾ ਜ਼ਿਲ੍ਹੇ ਦੇ ਉੜੀ ਕਸਬੇ ਦੇ ਇਕ ਹੋਰ ਨਿਵਾਸੀ ਨੇ ਵੀ ਪੁਸ਼ਟੀ ਕੀਤੀ ਕਿ ਇਲਾਕੇ ਵਿੱਚ ਭਾਰੀ ਗੋਲੀਬਾਰੀ ਜਾਰੀ ਹੈ। ਪਿਛਲੇ 12 ਦਿਨਾਂ ਦੌਰਾਨ ਕੰਟਰੋਲ ਰੇਖਾ ਦੇ ਨਾਲ-ਨਾਲ ਜ਼ਿਆਦਾਤਰ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀਆਂ ਰਿਪੋਰਟਾਂ ਆਈਆਂ ਹਨ।
ਬੁੱਧਵਾਰ ਸਵੇਰੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਮਕਬੂਜ਼ਾ ਜੰਮੂ ਅਤੇ ਕਸ਼ਮੀਰ (ਪੀਓਜੇਕੇ) ਵਿਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਹੈ । ਮੰਤਰਾਲੇ ਨੇ ਕਿਹਾ ਕਿ ਕੁੱਲ ਮਿਲਾ ਕੇ, ਨੌਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਸਰਹੱਦੀ ਜ਼ਿਲ੍ਹੇ ਪੁਣਛ ’ਚ ਗੋਲੀਬਾਰੀ ’ਚ ਮਾਰੇ ਵਿਅਕਤੀਆਂ ਦੀ ਪਛਾਣ ਹੇਠ ਦਰਸਾਏ ਅਨੁਸਾਰ ਹੋਈ ਹੈ:-
1. ਮੁਹੰਮਦ ਆਦਿਲ ਪੁੱਤਰ ਸ਼ੀਨ ਨੂਰ, ਆਰ/ਓ ਸਾਗਰਾ, ਪੀਐੱਸ ਮੇਂਧਰ, ਪੁਣਛ
2. ਸਲੀਮ ਹੁਸੈਨ ਪੁੱਤਰ ਅਲਤਾਫ਼ ਹੁਸੈਨ, ਆਰ/ਓ ਬਾਲਾਕੋਟ, ਪੀਐੱਸ ਮੇਂਧਰ, ਪੁਣਛ
3. ਰੂਬੀ ਕੌਰ ਵਾਸੀ ਸ਼ੱਲੂ ਸਿੰਘ, ਮੁਹੱਲਾ ਸਰਦਾਰਾਂ, ਮਾਨਕੋਟ, ਪੀਐੱਸ ਮੇਂਧਰ, ਪੁਣਛ
4. ਮੁਹੰਮਦ ਜ਼ੈਨ (10 ਸਾਲ) ਪੁੱਤਰ ਰਮੀਜ਼ ਖਾਨ ਵਾਸੀ ਪਿੰਡ ਕਾਲਾਣੀ ਪੀਐੱਸ ਮੰਡੀ ਏ/ਪੀ ਨੇੜੇ ਕ੍ਰਾਈਸਟ ਸਕੂਲ ਪੁਣਛ
5. ਮੁਹੰਮਦ ਅਕਰਮ (55 ਸਾਲ) ਪੁੱਤਰ ਅਬਦੁਲ ਸੁਭਾਨ ਵਾਰਡ ਨੰ 01, ਮੁਹੱਲਾ ਸੁੱਕਾ-ਕਥਾ, PS ਪੁਣਛ
6. ਅਮਰੀਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਸੰਦੀਗੇਟ, PS ਪੁਣਛ
7. ਰਣਜੀਤ ਸਿੰਘ ਪੁੱਤਰ ਜੋਗਾ ਸਿੰਘ ਆਰ/ਓ ਸੰਦੀਗੇਟ
8. ਜ਼ੋਇਆ ਖਾਨ (12 ) ਸਪੁੱਤਰੀ ਰਮੀਜ਼ ਖਾਨ ਵਾਸੀ ਪਿੰਡ ਕਾਲਾਣੀ ਪੀ.ਐੱਸ. ਮੰਡੀ, ਨੇੜੇ ਕ੍ਰਾਈਸਟ ਸਕੂਲ ਪੁਣਛ
9. ਮੁਹੰਮਦ ਰਫੀ (36) ਪੁੱਤਰ ਮੁਹੰਮਦ ਦੀਨ ਵਾਸੀ ਪਿੰਡ ਕੋਜਰਾ, ਬਾਂਡੀਚੇਚੀਅਨ ਪੀਐੱਸ. ਪੁਣਛ
10. ਮੁਹੰਮਦ ਇਕਬਾਲ (45) ਪੁੱਤਰ ਪੀਰ ਬਖਸ਼ ਵਾਸੀ ਪਿੰਡ ਬੈਲਾ ਏ/ਪੀ ਵਾਰਡ ਨੰ: 02, ਥਾਣਾ ਪੁਣਛ
with PTI inputs