ਬਰਤਾਨਵੀ ਵਿਅਕਤੀ ਨੇ ਗ਼ਲਤੀ ਨਾਲ ਆਪਣੀ ਹੀ ਚੋਰੀ ਕਾਰ 22 ਲੱਖ ਰੁਪਏ ’ਚ ਖਰੀਦੀ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 25 ਅਪਰੈਲ
ਸੁਣਨ ਨੂੰ ਅਜੀਬ ਲੱਗਦਾ ਹੈ ਕਿ ਪਰ ਇਕ ਬਰਤਾਨਵੀ ਨਾਗਰਿਕ ਨੇ 22 ਲੱਖ ਰੁਪਏ ਵਿੱਚ ਆਪਣੀ ਹੀ ਚੋਰੀ ਹੋਈ ਕਾਰ ਖਰੀਦ ਲਈ। ਵੈਸਟ ਮਿਡਲੈਂਡਜ਼ ਦੇ ਸੋਲੀਹੁਲ ਦੇ ਰਹਿਣ ਵਾਲੇ 36 ਸਾਲਾ ਸਾਫਟਵੇਅਰ ਇੰਜਨੀਅਰ, ਈਵਾਨ ਵੈਲੇਨਟਾਈਨ ਦੀ ਕਾਲੀ ਹੋਂਡਾ ਸਿਵਿਕ ਕਾਰ ਇਸ ਸਾਲ ਫਰਵਰੀ ਵਿਚ ਉਸ ਦੇ ਡਰਾਈਵਵੇਅ ਤੋਂ ਚੋਰੀ ਹੋ ਗਈ ਸੀ। ਉਸ ਨੇ ਚੋਰੀ ਦੀ ਰਿਪੋਰਟ ਕੀਤੀ, ਪਰ ਪੁਲੀਸ ਨੇ ਉਸ ਨੂੰ ਦੱਸਿਆ ਕਿ ਕਾਰ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੈ।
ਮਗਰੋਂ ਉਸ ਦੀ ਬੀਮਾ ਕੰਪਨੀ ਨੇ ਉਸ ਨੂੰ ਚੋਰੀ ਹੋਈ ਕਾਰ ਲਈ ਪੈਸੇ ਦਿੱਤੇ, ਅਤੇ ਉਸ ਨੇ ਇਨ੍ਹਾਂ 20,000 ਪੌਂਡ (22 ਲੱਖ ਰੁਪਏ) ਵਿੱਚ ਇੱਕ ਹੋਰ ਕਾਲੀ ਹੌਂਡਾ ਸਿਵਿਕ ਖਰੀਦ ਲਈ।
ਕਾਰ ਖਰੀਦਣ ਤੋਂ ਬਾਅਦ, ਉਸ ਨੇ ਕੁਝ ਅਜੀਬ ਚੀਜ਼ਾਂ ਨੋਟ ਕੀਤੀਆਂ। ਬੀਬੀਸੀ ਦੀ ਰਿਪੋਰਟ ਅਨੁਸਾਰ, ਕਾਰ ਵਿੱਚ ਉਸ ਦੀ ਪੁਰਾਣੀ ਕਾਰ ਵਾਂਗ ਹੀ ਛੋਟੇ ਛੋਟੇ ਵੇਰਵੇ ਸਨ - ਜਿਵੇਂ ਕਿ ਇੱਕ ਟੈਂਟ ਪੈੱਗ, ਪਾਈਨ ਸੂਈਆਂ ਅਤੇ ਚਾਕਲੇਟ ਬਾਰ ਰੈਪਰ ਜੋ ਸਾਫ਼ ਨਹੀਂ ਕੀਤੇ ਗਏ ਸਨ। ਭਾਵੇਂ ਕਾਰ ਉੱਤੇ ਇੱਕ ਨਵੀਂ ਨੰਬਰ ਪਲੇਟ ਸੀ ਅਤੇ ਘੱਟ ਮੀਲ ਦਿਖਾਏ ਗਏ ਸਨ, ਪਰ ਈਵਾਨ ਨੂੰ ਸ਼ੱਕ ਹੋਇਆ। ਜਦੋਂ ਉਸ ਨੇ ਕਾਰ ਦੇ ਬਿਲਟ-ਇਨ GPS ਦੀ ਜਾਂਚ ਕੀਤੀ ਤਾਂ ਉਸ ਨੂੰ ਇਸ ਵਿਚ ਆਪਣੇ ਘਰ ਅਤੇ ਮਾਪਿਆਂ ਦੇ ਪਤੇ ਸਟੋਰ ਮਿਲੇ। ਉਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਗਲਤੀ ਨਾਲ ਆਪਣੀ ਚੋਰੀ ਹੋਈ ਕਾਰ ਵਾਪਸ ਖਰੀਦ ਲਈ ਹੈ। ਪਹਿਲਾਂ ਤਾਂ ਉਸ ਨੂੰ ਮਾਣ ਮਹਿਸੂਸ ਹੋਇਆ, ਜਿਵੇਂ ਉਸ ਨੇ ਕੁਝ ਜਿੱਤ ਲਿਆ ਹੋਵੇ- ਪਰ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਚੰਗਾ ਸੌਦਾ ਨਹੀਂ ਸੀ।