Sonia Gandhi ਸੰਸਦ ਵਿਚ ਵਕਫ਼ ਬਿੱਲ ‘ਧੱਕੇ’ ਨਾਲ ਪਾਸ ਕੀਤਾ ਗਿਐ: ਸੋਨੀਆ ਗਾਂਧੀ
ਨਵੀਂ ਦਿੱਲੀ, 3 ਮਾਰਚ
Sonia Gandhi ਕਾਂਗਰਸ ਆਗੂ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਸੰਸਦ ਵਿਚ ਵਕਫ਼ ਸੋਧ ਬਿੱਲ ‘ਧੱਕੇ’ ਨਾਲ ਪਾਸ ਕੀਤਾ ਗਿਆ ਹੈ। ਉਨ੍ਹਾਂ ‘ਇਕ ਦੇਸ਼ ਇਕ ਚੋਣ’ ਬਿੱਲ ਨੂੰ ਸੰਵਿਧਾਨ ਦੀ ਉਲੰਘਣਾ ਦੱਸਿਆ। ਉਨ੍ਹਾਂ ਕਿਹਾ ਕਿ ਪਾਰਟੀ ਇਸ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰਦੀ ਹੈ।
ਇਥੇ ਕਾਂਗਰਸ ਸੰਸਦੀ ਦਲ (ਸੀਪੀਪੀ) ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਵਕਫ਼ ਸੋਧ ਬਿੱਲ ਸੰਵਿਧਾਨ ’ਤੇ ਵੱਡਾ ਹਮਲਾ ਹੈ ਤੇ ਇਹ ਸਮਾਜ ਨੂੰ ਸਥਾਈ ਤੌਰ ’ਤੇ ਧਰੁਵੀਕਰਨ ਦੀ ਸਥਿਤੀ ਵਿੱਚ ਰੱਖਣ ਦੀ ਭਾਜਪਾ ਦੀ ਰਣਨੀਤੀ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਇੱਕ ਅਜਿਹੇ ਪਾਸੇ ਧੱਕ ਰਹੀ ਹੈ ਜਿੱਥੇ ਸੰਵਿਧਾਨ ਮਹਿਜ਼ ਕਾਗਜ਼ਾਂ ’ਤੇ ਹੀ ਸੀਮਤ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਰਾਦਾ ਸੰਵਿਧਾਨ ਨੂੰ ਢਾਹੁਣ ਦਾ ਹੈ।
ਮੀਟਿੰਗ ਵਿਚ ਪਾਰਟੀ ਦੇ ਸਾਰੇ ਸੰਸਦ ਮੈਂਬਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਮੌਜੂਦ ਸਨ।
ਸੋਨੀਆ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ 2004-2014 ਦੌਰਾਨ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਨੂੰ ਆਪਣੀਆਂ ਨਿੱਜੀ ਪ੍ਰਾਪਤੀਆਂ ਵਜੋਂ ਦੁਬਾਰਾ ਬ੍ਰਾਂਡ, ਪੈਕ ਤੇ ਮਾਰਕੀਟ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਲੋਕਾਂ ਵਿਚ ਜਾ ਕੇ ਇਸ ਤੱਥ ਨੂੰ ਉਜਾਗਰ ਕਰਨ ਦੀ ਲੋੜ ਹੈ।
ਸੰਸਦ ਦੇ ਦੋਵਾਂ ਸਦਨਾਂ ਦੇ ਕੰਮਕਾਜ ਬਾਰੇ ਬੋਲਦਿਆਂ ਸ੍ਰੀਮਤੀ ਗਾਂਧੀ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਅਤੇ ਸੱਤਾਧਿਰ ਦੇ ਲੋਕ ਕਾਂਗਰਸੀ ਮੈਂਬਰਾਂ ਨੂੰ ਅਕਸਰ ਆਪਣੇ ਮੁੱਦੇ ਉਠਾਉਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਗੜਬੜ ਪੈਦਾ ਕਰਦੇ ਹਨ।
ਉਨ੍ਹਾਂ ਪਾਰਟੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਵੀ ਹਮਲਾਵਰ ਰੁਖ਼ ਅਖ਼ਤਿਆਰ ਕਰਨ ਅਤੇ ਭਾਜਪਾ ਸ਼ਾਸਿਤ ਰਾਜਾਂ ਦੀਆਂ ਨਾਕਾਮੀਆਂ ਅਤੇ ਕੁਸ਼ਾਸਨ ਨੂੰ ਜ਼ੋਰਦਾਰ ਢੰਗ ਨਾਲ ਲੋਕਾਂ ਸਾਹਮਣੇ ਲਿਆਉਣ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਨੂੰ ਬਹੁਤ ਜ਼ਿਆਦਾ ਹੋਮਵਰਕ ਅਤੇ ਖੋਜ ਕਰਨੀ ਹੋਵੇਗੀ। -ਪੀਟੀਆਈ