Trump auto tariffs: ਟਰੰਪ ਦੇ ਟੈਕਸ ਨਾਲ ਭਾਰਤੀ ਆਟੋ ਕੰਪੋਨੈਂਟ ਨਿਰਮਾਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ
ਨਵੀਂ ਦਿੱਲੀ, 27 ਮਾਰਚ
Trump auto tariffs: ਉਦਯੋਗ ਨਿਰੀਖਕਾਂ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸ ਯੁੱਧ ਨਾਲ ਭਾਰਤੀ ਆਟੋ ਕੰਪੋਨੈਂਟ ਨਿਰਮਾਤਾਵਾਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਬੁੱਧਵਾਰ ਨੂੰ ਅਪ੍ਰੈਲ ਤੋਂ ਆਟੋ ਆਯਾਤ ’ਤੇ 25 ਪ੍ਰਤੀਸ਼ਤ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਮਈ ਤੱਕ ਪ੍ਰਮੁੱਖ ਆਟੋਮੋਟਿਵ ਪਾਰਟਸ ਇੰਜਣ ਅਤੇ ਇੰਜਣ ਪਾਰਟਸ, ਟ੍ਰਾਂਸਮਿਸ਼ਨ ਅਤੇ ਪਾਵਰਟ੍ਰੇਨ ਪਾਰਟਸ ਅਤੇ ਇਲੈਕਟ੍ਰੀਕਲ ਕੰਪੋਨੈਂਟਸ ਦੇ ਆਯਾਤ ’ਤੇ 25 ਪ੍ਰਤੀਸ਼ਤ ਹੋਰ ਟੈਕਸ ਲਾਗੂ ਹੋਣ ਦੀ ਉਮੀਦ ਹੈ।
ਇਕ ਉਦਯੋਗ ਕਾਰਜਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, "ਭਾਰਤੀ ਆਟੋ ਕੰਪੋਨੈਂਟ ਉਦਯੋਗ ਨੂੰ ਅਮਰੀਕੀ ਟੈਕਸ ਕਾਰਨ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਥੋਂ ਅਮਰੀਕਾ ਨੂੰ ਨਿਰਯਾਤ ਮਹੱਤਵਪੂਰਨ ਹੈ। ਹਾਲਾਂਕਿ ਭਾਰਤੀ ਵਾਹਨ ਨਿਰਮਾਤਾਵਾਂ ’ਤੇ ਇਸ ਦਾ ਅਸਰ ਘੱਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਭਾਰਤ ਤੋਂ ਅਮਰੀਕਾ ਨੂੰ ਪੂਰੀ ਤਰ੍ਹਾਂ ਬਣੀਆਂ ਕਾਰਾਂ ਦਾ ਸਿੱਧਾ ਨਿਰਯਾਤ ਨਹੀਂ ਹੁੰਦਾ।’’ ਉਦਯੋਗ ਦੇ ਅਨੁਮਾਨਾਂ ਅਨੁਸਾਰ ਵਿੱਤੀ ਸਾਲ 2024 ਵਿਚ ਭਾਰਤ ਦਾ ਅਮਰੀਕਾ ਨੂੰ ਆਟੋ ਕੰਪੋਨੈਂਟ ਨਿਰਯਾਤ 6.79 ਬਿਲੀਅਨ ਅਮਰੀਕੀ ਡਾਲਰ ਸੀ, ਜਦੋਂ ਕਿ ਅਮਰੀਕਾ ਤੋਂ ਦੇਸ਼ ਦੀ ਦਰਾਮਦ 15 ਪ੍ਰਤੀਸ਼ਤ ਡਿਊਟੀ ’ਤੇ 1.4 ਬਿਲੀਅਨ ਅਮਰੀਕੀ ਡਾਲਰ ਸੀ।
ਟਰੰਪ ਵੱਲੋਂ ਬੁੱਧਵਾਰ ਦੀ ਘੋਸ਼ਣਾ ਤੋਂ ਪਹਿਲਾਂ ਅਮਰੀਕਾ ਨੇ ਆਯਾਤ ਕੀਤੇ ਹਿੱਸਿਆਂ ’ਤੇ ਲਗਭਗ 'ਜ਼ੀਰੋ' ਡਿਊਟੀ ਲਗਾਈ ਸੀ। ਇਕ ਹੋਰ ਉਦਯੋਗ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਇੰਜਣ ਕੰਪੋਨੈਂਟ, ਪਾਵਰ ਟ੍ਰੇਨ ਅਤੇ ਟ੍ਰਾਂਸਮਿਸ਼ਨ ਸਾਡੀਆਂ ਸਭ ਤੋਂ ਵੱਡੀਆਂ ਨਿਰਯਾਤ ਵਸਤੂਆਂ ਹਨ।" JATO ਡਾਇਨਾਮਿਕਸ ਇੰਡੀਆ ਦੇ ਪ੍ਰਧਾਨ ਅਤੇ ਨਿਰਦੇਸ਼ਕ ਰਵੀ ਜੀ ਭਾਟੀਆ ਨੇ ਕਿਹਾ ਕਿ, ‘‘ਟਰੰਪ ਦਾ ਟੈਕਸ ਭਾਰਤ ਲਈ ਹੀ ਨਹੀਂ ਹੈ, ਦੇਸ਼ ਦੇ ਹੋਰ ਮੁਕਾਬਲੇਬਾਜ਼ਾਂ ’ਤੇ ਵੀ ਲਾਗੂ ਹੁੰਦਾ ਹੈ। ਇਹ ਕਦਮ ਯਕੀਨੀ ਤੌਰ ’ਤੇ ਪ੍ਰਭਾਵਿਤ ਹੋਵੇਗਾ, ਪਰ ਇਹ ਸੁਨਾਮੀ ਨਹੀਂ ਹੈ।’’ -ਪੀਟੀਆਈ