ਪਾਕਿ ਸੁਰੱਖਿਆ ਬਲਾਂ ਵੱਲੋਂ ਕੀਤੇ ਡਰੋਨ ਹਮਲਿਆਂ ’ਚ 12 ਅਤਿਵਾਦੀ ਹਲਾਕ
ਪਿਸ਼ਾਵਰ, 30 ਮਾਰਚ
ਪਾਕਿਸਤਾਨ ਦੇ ਗੜਬੜ ਵਾਲੇ ਖੈ਼ਬਰ ਪਖ਼ਤੂਨਖਵਾ ਪ੍ਰਾਂਤ ’ਚ ਅਤਿਵਾਦੀਆਂ ਦੇ ਟਿਕਾਣਿਆਂ ’ਤੇ ਸੁਰੱਖਿਆ ਬਲਾਂ ਵੱਲੋਂ ਕੀਤੇ ਡਰੋਨ ਹਮਲਿਆਂ ’ਚ ਜਿੱਥੇ 12 ਅਤਿਵਾਦੀ ਮਾਰੇ ਗਏ, ਉੱਥੇ 9 ਆਮ ਵਿਅਕਤੀਆਂ ਨੂੰ ਵੀ ਆਪਣੀ ਜਾਨ ਗੁਆਉਣੀ ਪਈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਨਿਚਰਵਾਰ ਸਵੇਰੇ ‘ਅਤਿਵਾਦ ਵਿਰੋਧੀ ਅਪਰੇਸ਼ਨ’ ਤਹਿਤ ਮਰਦਾਨ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਹਿਲਟੌਪ ਇਲਾਕੇ ਦੇ ਕਤਲਾਂਗ ਇਲਾਕੇ ’ਚ ਅਤਿਵਾਦੀਆਂ ਦੇ ਲੁਕਵੇਂ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ। ‘ਰੈਸਕਿਊ 1122’ ਦੇ ਬੁਲਾਰੇ ਮੁਹੰਮਦ ਅੱਬਾਸ ਨੇ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਜ਼ਿਲ੍ਹੇ ਦੇ ਡੀਸੀ ਦੀਆਂ ਹਦਾਇਤਾਂ ’ਤੇ ਸੱਤ ਵਿਅਕਤੀਆਂ ਤੇ ਦੋ ਔਰਤਾਂ ਦੀਆਂ ਲਾਸ਼ਾਂ ਨੂੰ ਮਰਦਾਨ ਮੈਡੀਕਲ ਕੰਪਲੈਕਸ ਭੇਜਿਆ ਗਿਆ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਮਾਰੇ ਗਏ ਲੋਕ ਸਵਾਤ ਜ਼ਿਲ੍ਹੇ ਦੇ ਚਰਵਾਹੇ ਸਨ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਰੋਸ ਵਜੋਂ ਲਾਸ਼ਾਂ ਸੜਕ ’ਤੇ ਰੱਖ ਕੇ ਕੁਝ ਘੰਟਿਆਂ ਲਈ ਆਵਾਜਾਈ ਬੰਦ ਕੀਤੀ ਗਈ ਜੋ ਬਾਅਦ ’ਚ ਸਮਝੌਤੇ ਮਗਰੋਂ ਖੋਲ੍ਹ ਦਿੱਤੀ ਗਈ।
ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 12 ਅਤਿਵਾਦੀ ਮਾਰੇ ਗਏ ਜਿਨ੍ਹਾਂ ’ਚ ਮੋਹਸਿਨ ਬਾਕਿਰ ਤੇ ਉਸਦੇ ਸਹਿਯੋਗੀ ਅੱਬਾਸ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਦੇ ਸਿਰ ’ਤੇ ਕ੍ਰਮਵਾਰ 7 ਲੱਖ ਪਾਕਿਸਤਾਨੀ ਰੁਪਏ ਤੇ ਪੰਜ ਲੱਖ ਪਾਕਿਸਤਾਨੀ ਰੁਪਏ ਇਨਾਮ ਸੀ। ਬਿਆਨ ਮੁਤਾਬਕ ਇਹ ਮੁਹਿੰਮ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਚਲਾਈ ਗਈ, ਜਿਸ ਦੌਰਾਨ ਇਸ ਖਿੱਤੇ ’ਚ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਕਈ ਵਿਅਕਤੀ ਮਾਰੇ ਗਏ। -ਪੀਟੀਆਈ
ਆਮ ਨਾਗਰਿਕਾਂ ਦਾ ਮਾਰਿਆ ਜਾਣਾ ਨਿੰਦਣਯੋਗ: ਮੁੱਖ ਮੰਤਰੀ
ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਆਮੀਨ ਗੰਡਾਪੁਰ ਨੇ ਕਿਹਾ ਕਿ ਮੁਹਿੰਮ ਦੌਰਾਨ ਆਮ ਨਾਗਰਿਕਾਂ ਦਾ ਮਾਰਿਆ ਜਾਣ ਬੇਹੱਦ ਨਿੰਦਣਯੋਗ ਹੈ। ਸਰਕਾਰ ਮੁਤਾਬਕ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਤੋਂ ਇਲਾਵਾ ਪੀੜਤਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।