ਇਜ਼ਰਾਈਲ ਨੇ ਵੱਡੇ ਇਲਾਕੇ ’ਤੇ ਕਬਜ਼ੇ ਲਈ ਗਾਜ਼ਾ ਪੱਟੀ ’ਚ ਮੁਹਿੰਮ ਵਿੱਢੀ
ਯੇਰੂਸ਼ਲਮ, 2 ਅਪਰੈਲ
ਗਾਜ਼ਾ ਪੱਟੀ ’ਚ ਵੱਡੇ ਇਲਾਕਿਆਂ ’ਤੇ ਕਬਜ਼ਾ ਕਰਨ ਦੇ ਮਕਸਦ ਨਾਲ ਇਜ਼ਰਾਈਲ ਨੇ ਫੌਜੀ ਮੁਹਿੰਮ ਸ਼ੁਰੂ ਕੀਤੀ ਹੈ। ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਬੁੱਧਵਾਰ ਨੂੰ ਇਕ ਲਿਖਤੀ ਬਿਆਨ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਅਤਿਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਅਤੇ ਇਲਾਕੇ ਨੂੰ ਸਾਫ਼ ਕਰਨ ਲਈ ਅਸੀਂ ਆਪਣੇ ਫੌਜੀ ਅਪਰੇਸ਼ਨ ਦਾ ਵਿਸਤਾਰ ਕਰ ਰਹੇ ਹਾਂ। ਇਸ ਦਾ ਉਦੇਸ਼ ਗਾਜ਼ਾ ਪੱਟੀ ਦੇ ਵੱਡੇ ਇਲਾਕਿਆਂ ’ਤੇ ਕਬਜ਼ਾ ਕਰਨਾ ਹੈ ਜਿਨ੍ਹਾਂ ਨੂੰ ਇਜ਼ਰਾਈਲ ਦੇ ਸੁਰੱਖਿਆ ਖੇਤਰਾਂ ’ਚ ਜੋੜਿਆ ਜਾਵੇਗਾ।’’ ਇਜ਼ਰਾਇਲੀ ਸਰਕਾਰ ਨੇ ਗਾਜ਼ਾ ਦੇ ਅੰਦਰ ਤੱਕ ਬਫ਼ਰ ਜ਼ੋਨ ਬਣਾਇਆ ਹੋਇਆ ਹੈ ਅਤੇ 2023 ’ਚ ਜੰਗ ਸ਼ੁਰੂ ਹੋਣ ਮਗਰੋਂ ਇਸ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ। ਇਜ਼ਰਾਈਲ ਆਖਦਾ ਰਿਹਾ ਹੈ ਕਿ ਮੁਲਕ ਦੀ ਸੁਰੱਖਿਆ ਲਈ ਬਫ਼ਰ ਜ਼ੋਨ ਜ਼ਰੂਰੀ ਹੈ ਜਦਕਿ ਫਲਸਤੀਨੀ ਮੰਨਦੇ ਹਨ ਕਿ ਇਹ ਉਨ੍ਹਾਂ ਦੀ ਜ਼ਮੀਨ ਹਥਿਆਉਣ ਦਾ ਢੰਗ-ਤਰੀਕਾ ਹੈ। ਕਾਟਜ਼ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਮੁਹਿੰਮ ਦੌਰਾਨ ਗਾਜ਼ਾ ਦੇ ਕਿਹੜੇ ਇਲਾਕਿਆਂ ’ਤੇ ਕਬਜ਼ਾ ਕੀਤਾ ਜਾਵੇਗਾ ਜਿਸ ’ਚ ਜੰਗ ਵਾਲੇ ਇਲਾਕਿਆਂ ’ਚੋਂ ਆਬਾਦੀ ਨੂੰ ਵੱਡੇ ਪੱਧਰ ’ਤੇ ਕੱਢਣਾ ਵੀ ਸ਼ਾਮਲ ਹੈ। -ਏਪੀ
ਇਜ਼ਰਾਇਲੀ ਫੌਜ ਦੇ ਹਮਲਿਆਂ ’ਚ 40 ਹਲਾਕ
ਯੇਰੂਸ਼ਲਮ: ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਲਗਾਤਾਰ ਹਮਲੇ ਜਾਰੀ ਹਨ। ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ’ਚ 40 ਵਿਅਕਤੀ ਮਾਰੇ ਗਏ। ਦੱਖਣੀ ਸ਼ਹਿਰ ਖ਼ਾਨ ਯੂਨਿਸ ’ਤੇ ਬੀਤੀ ਰਾਤ ਕੀਤੇ ਗਏ ਹਮਲੇ ’ਚ 17 ਵਿਅਕਤੀ ਮਾਰੇ ਗਏ ਜਦਕਿ ਉੱਤਰ ਵੱਲ ਨੂੰ ਕੀਤੇ ਗਏ ਇਕ ਹੋਰ ਹਮਲੇ ’ਚ 15 ਜਣੇ ਹਲਾਕ ਹੋ ਗਏ। ਨਾਸਿਰ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲ ’ਚ 12 ਲਾਸ਼ਾਂ ਲਿਆਂਦੀਆਂ ਗਈਆਂ ਹਨ। ਗਾਜ਼ਾ ਯੂਰਪੀਅਨ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਪੰਜ ਲਾਸ਼ਾਂ ਪਹੁੰਚੀਆਂ ਹਨ। ਇਸੇ ਤਰ੍ਹਾਂ ਇੰਡੋਨੇਸ਼ੀਅਨ ਹਸਪਤਾਲ ਨੇ ਕਿਹਾ ਕਿ ਜਬਾਲੀਆ ਸ਼ਰਨਾਰਥੀ ਕੈਂਪ ’ਤੇ ਹੋਏ ਹਮਲੇ ’ਚ 15 ਵਿਅਕਤੀ ਮਾਰੇ ਗਏ ਜਿਨ੍ਹਾਂ ’ਚ 9 ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ। ਫਲਸਤੀਨੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਦੀ ਤਰਜਮਾਨ ਜੂਲੀਅਟ ਤੋਓਮਾ ਨੇ ਕਿਹਾ ਕਿ ਕੈਂਪ ’ਚ ਉਨ੍ਹਾਂ ਦੀ ਇਮਾਰਤ ’ਤੇ ਵੀ ਹਮਲਾ ਹੋਇਆ ਹੈ ਪਰ ਉਸ ਨੇ ਜਾਨੀ ਨੁਕਸਾਨ ਦੇ ਵੇਰਵੇ ਨਹੀਂ ਦਿੱਤੇ। -ਏਪੀ