ਸੈਨੇਟ ਵੱਲੋਂ ਟੈਕਸ ਛੋਟ ਅਤੇ ਖ਼ਰਚ ’ਚ ਕਟੌਤੀ ਲਈ ਟਰੰਪ ਦੀ ਯੋਜਨਾ ਨੂੰ ਮਨਜ਼ੂਰੀ
ਵਾਸ਼ਿੰਗਟਨ, 5 ਅਪਰੈਲ
ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਏਜੰਡੇ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤੀ ਗਈ ਖਰਬਾਂ ਡਾਲਰ ਦੀ ਟੈਕਸ ਛੋਟ ਅਤੇ ਖ਼ਰਚ ’ਚ ਕਟੌਤੀ ਦੀ ਰੂਪ-ਰੇਖਾ ਨੂੰ ਵਿਰੋਧੀ ਧਿਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਸ਼ੁੱਕਰਵਾਰ ਦੇਰ ਰਾਤ ਪਾਸ ਕਰ ਦਿੱਤਾ। ਸੈਨੇਟ ਨੇ ਟਰੰਪ ਪ੍ਰਸ਼ਾਸਨ ਦੇ ਬਿੱਲ ਨੂੰ 51-48 ਵੋਟਾਂ ਦੇ ਮਾਮੂਲੀ ਫਰਕ ਨਾਲ ਪਾਸ ਕੀਤਾ। ਹੁਣ ਇਹ ਰੂਪ-ਰੇਖਾ ਪ੍ਰਤੀਨਿਧ ਸਭਾ ’ਚ ਪੇਸ਼ ਕੀਤੀ ਜਾਵੇਗੀ ਜਿਥੇ ਸਪੀਕਰ ਮਾਈਕ ਜੌਹਨਸਨ ਵੱਲੋਂ ਅਗਲੇ ਹਫ਼ਤੇ ਇਸ ’ਤੇ ਵੋਟਿੰਗ ਕਰਵਾਈ ਜਾ ਸਕਦੀ ਹੈ। ਡੈਮੋਕਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਪਰ ਰਿਪਬਲਿਕਨ ਪਾਰਟੀ ਉਨ੍ਹਾਂ ’ਤੇ ਭਾਰੀ ਪਈ। ਇਹ ਘਟਨਾਕ੍ਰਮ ਅਜਿਹੇ ਸਮੇਂ ਦਾ ਹੈ ਜਦੋਂ ਟਰੰਪ ਦੀਆਂ ਟੈਕਸ ਯੋਜਨਾਵਾਂ ਕਾਰਨ ਅਮਰੀਕੀ ਅਰਥਚਾਰਾ ਨਿਘਾਰ ਵੱਲ ਹੈ। ਟਰੰਪ ਦੀ ਪਾਰਟੀ ਦੇ ਦੋ ਸੈਨੇਟਰਾਂ ਸੁਸਾਨ ਕੌਲਿਨਸ ਅਤੇ ਰੈਂਡ ਪੌਲ ਨੇ ਬਿੱਲ ਖ਼ਿਲਾਫ਼ ਵੋਟ ਪਾਈ। ਉਂਝ ਟਰੰਪ ਦੀ ਖ਼ਰਚ ਕਟੌਤੀ ਵਾਲੀ ਯੋਜਨਾ ਨੂੰ ਸੈਨੇਟ ਦੀ ਮਨਜ਼ੂਰੀ ਮਿਲਣ ਨਾਲ ਸੰਸਦ ਦੇ ਦੋਵੇਂ ਸਦਨਾਂ ਤੋਂ ਬਿੱਲ ਪਾਸ ਕਰਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਡੈਮੋਕਰੈਟਾਂ ਨੇ ਰਿਪਬਲਿਕਨ ਸਰਕਾਰ ’ਤੇ ਪੰਜ ਲੱਖ ਕਰੋੜ ਡਾਲਰ ਤੋਂ ਵਧ ਦੀ ਟੈਕਸ ਕਟੌਤੀ ਦਾ ਭੁਗਤਾਨ ਕਰਨ ਲਈ ਮੈਡਿਕਏਡ ਅਤੇ ਸਮਾਜਿਕ ਸੁਰੱਖਿਆ ਜਿਹੇ ਪ੍ਰੋਗਰਾਮਾਂ ’ਚ ਕਟੌਤੀ ਕਰਨ ਦਾ ਦੋਸ਼ ਲਾਇਆ। -ਏਪੀ