Tahawwur Rana ਤਹੱਵੁਰ ਰਾਣਾ ਦੀ ਹਵਾਲਗੀ ਯੂਪੀਏ ਸਰਕਾਰ ਵੇਲੇ ਸ਼ੁਰੂ ਕੀਤੇ ਕੂਟਨੀਤਕ ਯਤਨਾਂ ਦਾ ਸਿੱਟਾ: ਕਾਂਗਰਸ
ਇਹ ਵੀ ਪੜ੍ਹੋ: Tahawwur Rana ਤਹੱਵੁਰ ਰਾਣਾ ਨੂੰ ਦਿੱਲੀ ਲਿਆਂਦਾ; ਤਿਹਾੜ ਜੇਲ੍ਹ ’ਚ ਰੱਖਣ ਦੀ ਤਿਆਰੀ
ਕਾਂਗਰਸ ਆਗੂ ਤੇ ਸਾਬਕਾ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਕਿਹਾ ਕਿ ਸਰਕਾਰ ਨੇ ਤਹੱਵੁਰ ਰਾਣਾ ਦੀ ਹਵਾਲਗੀ ਨੂੰ ਸੰਭਵ ਬਣਾਉਣ ਲਈ ਕੁਝ ਨਹੀਂ ਕੀਤਾ ਤੇ ਨਾ ਹੀ ਇਹ ਕਿਸੇ ਵੱਡੇ ਦਾਅਵਿਆਂ ਦਾ ਨਤੀਜਾ ਹੈ। ਚਿਦੰਬਰਮ ਨੇ ਅੱਗੇ ਕਿਹਾ ਕਿ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਕੂਟਨੀਤੀ, ਕਾਨੂੰਨ ਲਾਗੂ ਕਰਨ ਵਾਲੇ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਇਮਾਨਦਾਰੀ ਨਾਲ ਅਤੇ ਬਿਨਾਂ ਕਿਸੇ ਕਿਸਮ ਦੀ ਛਾਤੀ ਪਿੱਟਣ ਦੇ ਅਪਣਾਇਆ ਜਾਂਦਾ ਹੈ ਤਾਂ ਭਾਰਤ ਸਰਕਾਰ ਕੀ ਕੁਝ ਹਾਸਲ ਕਰ ਸਕਦੀ ਹੈ।
ਚਿਦੰਬਰਮ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੋਦੀ ਸਰਕਾਰ ਹੁਣ ਜਦੋਂ ਇਸ ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਕਾਹਲੀ ਹੈ, ਸੱਚਾਈ ਉਨ੍ਹਾਂ ਦੇ ਚੱਕਰ ਤੋਂ ਕੋਹਾਂ ਦੂਰ ਹੈ।’’ ਉਨ੍ਹਾਂ ਕਿਹਾ ਕਿ ਰਾਣਾ ਦੀ ਹਵਾਲਗੀ ਡੇਢ ਦਹਾਕੇ ਦੇ ਮਿਹਨਤੀ ਕੂਟਨੀਤਕ, ਕਾਨੂੰਨੀ ਅਤੇ ਖੁਫੀਆ ਯਤਨਾਂ ਦਾ ਸਿੱਟਾ ਹੈ ਜੋ ਯੂਪੀਏ ਸਰਕਾਰ ਵੱਲੋਂ ਅਮਰੀਕਾ ਨਾਲ ਤਾਲਮੇਲ ਜ਼ਰੀਏ ਸ਼ੁਰੂ ਕੀਤੇ ਗਏ ਸਨ। ਚਿਦੰਬਰਮ ਨੇ ਕਿਹਾ ਕਿ ਅਮਲ ਕੰਮ 11 ਨਵੰਬਰ, 2009 ਨੂੰ ਸ਼ੁਰੂ ਹੋਇਆ ਸੀ, ਜਦੋਂ ਐਨਆਈਏ ਨੇ ਡੇਵਿਡ ਕੋਲਮੈਨ ਹੈਡਲੀ (ਅਮਰੀਕੀ ਨਾਗਰਿਕ), ਤਹੱਵੁਰ ਰਾਣਾ (ਕੈਨੇਡੀਅਨ ਨਾਗਰਿਕ) ਅਤੇ 26/11 ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰਾਂ ਵਿਰੁੱਧ ਨਵੀਂ ਦਿੱਲੀ ਵਿੱਚ ਕੇਸ ਦਰਜ ਕੀਤਾ ਸੀ। -ਪੀਟੀਆਈ