ਰੂਸੀ ਮਿਜ਼ਾਈਲ ਹਮਲੇ ’ਚ ਮੌਤਾਂ ਦੀ ਗਿਣਤੀ ਵਧ ਕੇ 18 ਹੋਈ
ਕੀਵ, 5 ਅਪਰੈਲ
ਰੂਸ ਵੱਲੋਂ ਯੂਕਰੇਨੀ ਸ਼ਹਿਰ ਕ੍ਰਿਵੀ ਰੀਹ ’ਤੇ ਕੀਤੇ ਗਏ ਮਿਜ਼ਾਈਲ ਹਮਲੇ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ। ਖੇਤਰੀ ਗਵਰਨਰ ਸੇਰਹੀ ਲਿਸਾਕ ਨੇ ਦੱਸਿਆ ਕਿ ਮ੍ਰਿਤਕਾਂ ’ਚ 9 ਬੱਚੇ ਵੀ ਸ਼ਾਮਲ ਹਨ। ਸ਼ੁੱਕਰਵਾਰ ਨੂੰ ਹੋਏ ਹਮਲੇ ’ਚ 61 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ 40 ਹਸਪਤਾਲ ’ਚ ਦਾਖ਼ਲ ਹਨ। ਸ਼ਹਿਰ ਦੀ ਰੱਖਿਆ ਕੌਂਸਲ ਦੇ ਮੁਖੀ ਓਲੈਗਜ਼ੈਂਡਰ ਵਿਲਕੁਲ ਨੇ ਕਿਹਾ ਕਿ ਇਸ ਕਾਰੇ ਲਈ ਰੂਸ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ ਹੈ। ਕ੍ਰਿਵੀ ਰੀਹ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਾ ਗ੍ਰਹਿ ਨਗਰ ਹੈ। ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਮਿਜ਼ਾਈਲ ਹਮਲਾ ਰਿਹਾਇਸ਼ੀ ਇਮਾਰਤਾਂ ਨੇੜੇ ਖੇਡ ਦੇ ਮੈਦਾਨ ਅਤੇ ਸੜਕਾਂ ’ਤੇ ਹੋਇਆ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹਮਲੇ ’ਚ 20 ਅਪਾਰਟਮੈਂਟ ਇਮਾਰਤਾਂ, 30 ਤੋਂ ਵਧ ਵਾਹਨ, ਵਿਦਿਅਕ ਅਦਾਰਾ ਅਤੇ ਰੈਸਟੋਰੈਂਟ ਨੁਕਸਾਨੇ ਗਏ। ਰੂਸੀ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਯੂਨਿਟ ਕਮਾਂਡਰਾਂ ਅਤੇ ਪੱਛਮੀ ਇੰਸਟਰੱਕਟਰਾਂ ਵਿਚਕਾਰ ਹੋ ਰਹੀ ਮੀਟਿੰਗ ਵਾਲੀ ਥਾਂ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ। ਰੂਸੀ ਫੌਜ ਨੇ ਦਾਅਵਾ ਕੀਤਾ ਕਿ ਹਮਲੇ ’ਚ 85 ਫੌਜੀ ਅਤੇ ਵਿਦੇਸ਼ੀ ਅਧਿਕਾਰੀ ਮਾਰੇ ਗਏ ਜਦਕਿ 20 ਵਾਹਨ ਤਬਾਹ ਹੋਏ ਹਨ। ਉਂਝ ਯੂਕਰੇਨੀ ਜਨਰਲ ਸਟਾਫ ਨੇ ਰੂਸ ਦੇ ਦਾਅਵਿਆਂ ਨੂੰ ਨਕਾਰਿਆ ਹੈ। ਬਾਅਦ ਵਿੱਚ ਕ੍ਰਿਵੀ ਰੀਹ ’ਤੇ ਡਰੋਨ ਹਮਲੇ ’ਚ ਇਕ ਮਹਿਲਾ ਅਤੇ ਸੱਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ੇਲੈਂਸਕੀ ਨੇ ਕਿਹਾ ਕਿ ਰੋਜ਼ਾਨਾ ਹੋ ਰਹੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਸਾਬਿਤ ਹੋ ਰਿਹਾ ਹੈ ਕਿ ਰੂਸ ਸਿਰਫ਼ ਜੰਗ ਚਾਹੁੰਦਾ ਹੈ। -ਏਪੀ