Tahawwur Rana ਤਹੱਵੁਰ ਰਾਣਾ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ: ਪਾਕਿਸਤਾਨ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 10 ਅਪਰੈਲ
Tahawwur Rana ਪਾਕਿਸਤਾਨ ਨੇ 26/11 ਮੁੰਬਈ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਵਿਚੋਂ ਇਕ ਤਹੱਵੁਰ ਰਾਣਾ ਤੋਂ ਦੂਰੀ ਬਣਾ ਲਈ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦਾ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਰਾਣਾ ਨੂੰ ਦਹਿਸ਼ਤੀ ਹਮਲੇ ਵਿਚ ਉਸ ਦੀ ਭੂਮਿਕਾ ਲਈ ਗ੍ਰਿਫਤਾਰੀ ਤੋਂ ਕਰੀਬ 16 ਸਾਲ ਬਾਅਦ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ। 26 ਨਵੰਬਰ 2008 ਨੂੰ ਹੋਏ ਇਸ ਹਮਲੇ ਵਿੱਚ ਛੇ ਅਮਰੀਕੀਆਂ ਸਣੇ ਕਰੀਬ 170 ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਅਮਰੀਕਾ ਤੋਂ ਰਾਣਾ ਦੀ ਹਵਾਲਗੀ ਮਗਰੋਂ ਆਪਣੇ ਪਹਿਲੇ ਬਿਆਨ ਵਿਚ ਪਾਕਿਸਤਾਨ ਨੇ ਰਾਣਾ ਤੋਂ ਦੂਰੀ ਬਣਾ ਲਈ ਹੈ।
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ, ‘‘ਤਹੱਵੁਰ ਰਾਣਾ ਨੇ ਪਿਛਲੇ ਦੋ ਦਹਾਕਿਆਂ ਵਿੱਚ ਆਪਣੇ ਪਾਕਿਸਤਾਨੀ ਦਸਤਾਵੇਜ਼ ਨਹੀਂ ਨਵਿਆਏ ਹਨ। ਉਸ ਦੀ ਕੈਨੇਡੀਅਨ ਨਾਗਰਿਕਤਾ ਬਹੁਤ ਸਪੱਸ਼ਟ ਹੈ।’’ ਸੂਤਰਾਂ ਅਨੁਸਾਰ ਇਸਲਾਮਾਬਾਦ ਹੁਣ ਰਾਣਾ ਨਾਲੋਂ ਦੂਰੀ ਬਣਾ ਰਿਹਾ ਹੈ ਕਿ ‘ਕਿਉਂਕਿ ਤਹੱਵੁਰ ਰਾਣਾ ਪਾਕਿਸਤਾਨੀ ਫੌਜ/ਆਈਐਸਆਈ ਦਾ ਇੱਕ ਅੰਦਰੂਨੀ ਮੈਂਬਰ ਹੈ, ਜੋ ਹੁਣ ਮੁੰਬਈ 26/11 ਹਮਲਿਆਂ ਦੀ ਸਾਜ਼ਿਸ਼ ਰਚਣ ਵਿੱਚ ਪਾਕਿਸਤਾਨ ਦੀ ਸਿੱਧੀ ਭੂਮਿਕਾ ਬਾਰੇ ਖੁਲਾਸਾ ਕਰੇਗਾ।’’
ਇਹ ਵੀ ਪੜ੍ਹੋ: Tahawwur Rana ਤਹੱਵੁਰ ਰਾਣਾ ਦੇ ਅੱਜ ਦਿੱਲੀ ਪੁੱਜਣ ਦੀ ਸੰਭਾਵਨਾ, ਤਿਹਾੜ ਜੇਲ੍ਹ ’ਚ ਰੱਖਣ ਦੀ ਤਿਆਰੀ
ਇਹ ਵੀ ਪੜ੍ਹੋ: Tahawwur Rana: ਤਹਵੁਰ ਰਾਣਾ ਹੁਣ ਅਮਰੀਕੀ ਜੇਲ੍ਹ ਬਿਊਰੋ ਦੀ ਹਿਰਾਸਤ ਵਿੱਚ ਨਹੀਂ: ਏਜੰਸੀ
ਇਹ ਵੀ ਪੜ੍ਹੋ: Tahawwur Rana case: ਐਡਵੋਕੇਟ ਨਰੇਂਦਰ ਮਾਨ ਤਿੰਨ ਸਾਲਾਂ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ
ਉਧਰ ਭਾਰਤੀ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਰਾਣਾ ਪਾਕਿਸਤਾਨੀ-ਅਮਰੀਕੀ ਦਹਿਸ਼ਤਗਰਦ ਡੇਵਿਡ ਕੋਲਮੈਨ ਹੈਡਲੀ ਦਾ ਸਾਥੀ ਹੈ, ਜੋ 2008 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਸੀ। ਉਹ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਕਾਰੋਬਾਰੀ ਦੱਸਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਰਾਣਾ ਦੇ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਵੀ ਸਬੰਧ ਹਨ। ਰਾਣਾ ਨੇ 11 ਤੋਂ 21 ਨਵੰਬਰ 2008 ਦੌਰਾਨ ਦੁਬਈ ਰਸਤੇ ਮੁੰਬਈ ਦੀ ਯਾਤਰਾ ਕੀਤੀ ਸੀ।
ਪੋਵਈ ਵਿਚ ਹੋਟਲ Renaissance ਵਿਚ ਆਪਣੀ ਠਹਿਰ ਦੌਰਾਨ ਰਾਣਾ ਨੇ ਹਮਲੇ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਅਮਰੀਕੀ ਜਿਊਰੀ ਨੇ ਰਾਣਾ ਨੂੰ ਹਮਲਿਆਂ ਲਈ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ, ਪਰ ਉਸ ਨੂੰ ਦੋ ਹੋਰ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਅਤੇ 10 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜਦੋਂ ਕੋਵਿਡ-19 ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋਣ ਲੱਗੀ, ਤਾਂ ਉਸ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਉਸ ਨੂੰ ਭਾਰਤ ਹਵਾਲਗੀ ਲਈ ਮੁੜ ਗ੍ਰਿਫ਼ਤਾਰ ਕੀਤਾ ਗਿਆ। ਰਾਣਾ ਨੇ ਹਵਾਲਗੀ ਦੀ ਪਟੀਸ਼ਨ ਨੂੰ ਚੁਣੌਤੀ ਦਿੱਤੀ, ਜਿਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਖਾਰਜ ਕਰ ਦਿੱਤਾ।