ਕਸ਼ਮੀਰ ‘ਵਿਵਾਦ’ ਦਾ UNSC ਦੇ ਮਤਿਆਂ ਮੁਤਾਬਕ ਹੱਲ ਕੱਢਿਆ ਜਾਵੇ: ਪਾਕਿ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 11 ਮਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਚੋਲਗੀ ਨਾਲ ਅਮਲ ਵਿਚ ਆਈ ਜੰਗੀਬੰਦੀ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ‘ਵਿਵਾਦ’ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਦੇ ਸਬੰਧਤ ਮਤਿਆਂ ਅਨੁਸਾਰ ‘ਹੱਲ’ ਕੀਤਾ ਜਾਣਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਉਹ ‘ਕਸ਼ਮੀਰ’ ਮਸਲੇ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਸਦਰ ਦੇ ਇਸ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ, ‘‘ਅਸੀਂ ਰਾਸ਼ਟਰਪਤੀ ਟਰੰਪ ਵੱਲੋਂ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ। ਇਹ ਇਕ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਮੁੱਦਾ ਹੈ ਜਿਸ ਦੇ ਦੱਖਣੀ ਏਸ਼ੀਆ ਅਤੇ ਇਸ ਤੋਂ ਬਾਹਰ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਸਿੱਟੇ ਹਨ। ਪਾਕਿਸਤਾਨ ਇਸ ਗੱਲ ਦੀ ਪ੍ਰੌੜਤਾ ਕਰਦਾ ਹੈ ਕਿ ਜੰਮੂ-ਕਸ਼ਮੀਰ ਵਿਵਾਦ ਦਾ ਕੋਈ ਵੀ ਨਿਆਂਪੂਰਨ ਅਤੇ ਸਥਾਈ ਹੱਲ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸਬੰਧਤ ਮਤਿਆਂ ਅਨੁਸਾਰ ਹੋਣਾ ਚਾਹੀਦਾ ਹੈ। ਕਸ਼ਮੀਰੀ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਪ੍ਰਾਪਤੀ ਨੂੰ ਹਕੀਕੀ ਬਣਾਇਆ ਜਾਵੇ, ਜਿਸ ਵਿੱਚ ਉਨ੍ਹਾਂ ਦਾ ਸਵੈ-ਨਿਰਣੇ ਦਾ ਅਟੁੱਟ ਅਧਿਕਾਰ ਵੀ ਸ਼ਾਮਲ ਹੈ।’’
ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਪਾਕਿਸਤਾਨ ਦੋਵਾਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦੀ ਹਮਾਇਤ ਕਰਨ ਵਿੱਚ ਅਮਰੀਕਾ ਸਣੇ ਹੋਰਨਾਂ ਦੋਸਤਾਨਾਂ ਮੁਲਕਾਂ ਵੱਲੋਂ ਨਿਭਾਈ ਗਈ ‘ਉਸਾਰੂ ਭੂਮਿਕਾ’ ਨੂੰ ਸਵੀਕਾਰ ਕਰਦਾ ਹੈ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਉਹ ਅਮਰੀਕਾ ਨਾਲ ਆਪਣੀ ਭਾਈਵਾਲੀ ਨੂੰ, ਖਾਸ ਕਰਕੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਦੇ ਖੇਤਰਾਂ ਵਿੱਚ, ਹੋਰ ਮਜ਼ਬੂਤ ਬਣਾਉਣ ਦੀ ਉਮੀਦ ਕਰਦਾ ਹੈ।