Pope Leo XIV calls for peace: ਹੋਰ ਜੰਗ ਨਹੀਂ: ਪੋਪ ਲਿਓ
ਵੈਟੀਕਨ ਸਿਟੀ, 11 ਮਈ
ਪੋਪ ਲਿਓ 14 ਨੇ ਪੋਪ ਵਜੋਂ ਆਪਣੇ ਪਹਿਲੇ ਐਤਵਾਰ ਦੇ ਸੰਬੋਧਨ ਵਿਚ ਕਿਹਾ ਕਿ ਇਸ ਵੇਲੇ ਹੋਰ ਜੰਗ ਨਹੀਂ ਚਾਹੀਦੀ। ਉਨ੍ਹਾਂ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਨੂੰ ਅਪੀਲ ਕਰਦਿਆਂ ਯੂਕਰੇਨ ਵਿੱਚ ਸ਼ਾਂਤੀ, ਗਾਜ਼ਾ ਵਿੱਚ ਗੋਲੀਬੰਦੀ ਅਤੇ ਸਾਰੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਦੀ ਮੰਗ ਕੀਤੀ। ਲਿਓ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਈ ਜੰਗਬੰਦੀ ਦਾ ਵੀ ਸਵਾਗਤ ਕਰਦਿਆਂ ਕਿਹਾ ਕਿ ਉਹ ਦੁਨੀਆ ਨੂੰ ਸ਼ਾਂਤੀ ਪ੍ਰਦਾਨ ਕਰਨ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਹਨ। ਪੋਪ ਨੇ ਮਰਹੂਮ ਪੋਪ ਫਰਾਂਸਿਸ ਦੇ ‘ਹੋਰ ਜੰਗ ਨਹੀਂ’ ਦੇ ਸੱਦੇ ਨੂੰ ਦੁਹਰਾਇਆ।

ਲਿਓ ਨੇ ਕਿਹਾ ਕਿ ਉਨ੍ਹਾਂ ਦਾ ਰੂਸ-ਯੂਕਰੇਨ ਜੰਗ ਕਾਰਨ ਦਿਲ ਦੁਖ ਰਿਹਾ ਹੈ। ਉਹ ਗਾਜ਼ਾ ਵਿੱਚ ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਆਪਣੇ ਸੰਦੇਸ਼ ਵਿਚ ‘ਮਾਂ ਦਿਵਸ’ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸੇਂਟ ਪੀਟਰਜ਼ ਬੇਸਿਲਿਕਾ ਦੀਆਂ ਜਦੋਂ ਘੰਟੀਆਂ ਵੱਜੀਆਂ ਤਾਂ ਉਥੇ ਜੁੜੇ ਹੋਏ ਲੋਕਾਂ ਨੇ ਤਾੜੀਆਂ ਨਾਲ ਪੋਪ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪੋਪ ਨੇ ਸ਼ਾਂਤੀ ਦਾ ਸੰਦੇਸ਼ ਵੀ ਦਿੱਤਾ। ਜ਼ਿਕਰਯੋਗ ਹੈ ਕਿ ਕਾਰਡੀਨਲ ਰੌਬਰਟ ਪ੍ਰੀਵੋਸਟ ਕੈਥੋਲਿਕ ਚਰਚ ਦੇ ਦੋ ਹਜ਼ਾਰ ਸਾਲ ਦੇ ਇਤਿਹਾਸ ’ਚ ਪਹਿਲੇ ਅਮਰੀਕੀ ਪੋਪ ਚੁਣੇ ਗਏ ਹਨ। 69 ਸਾਲ ਪ੍ਰੀਵੋਸਟ ਨੇ ਨਵਾਂ ਨਾਂ ਲਿਓ-14 ਅਪਣਾਇਆ ਹੈ। ਪ੍ਰੀਵੋਸਟ ਨੇ ਆਪਣਾ ਕਰੀਅਰ ਪੇਰੂ ’ਚ ਸੇਵਾ ਕਰਦਿਆਂ ਬਿਤਾਇਆ ਅਤੇ ਉਨ੍ਹਾਂ ਵੈਟੀਕਨ ਦੇ ਬਿਸ਼ਪ ਦੇ ਸ਼ਕਤੀਸ਼ਾਲੀ ਦਫ਼ਤਰ ਦੀ ਅਗਵਾਈ ਵੀ ਕੀਤੀ।