ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀਆਂ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਅੱਜ

06:16 AM Mar 31, 2025 IST
featuredImage featuredImage
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਾਕਾ ਸਿੰਘ ਕੋਟੜਾ ਅਤੇ ਹੋਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਾਰਚ
ਕਿਸਾਨੀ ਮੰਗਾਂ ਦੇ ਹੱਲ ਲਈ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ 13 ਮਹੀਨਿਆਂ ਤੱਕ ‘ਕਿਸਾਨ ਅੰਦੋਲਨ- 2’ ਦੇ ਬੈਨਰ ਹੇਠ ਸੰਘਰਸ਼ ਲੜਨ ਵਾਲੀਆਂ ਕਿਸਾਨ ਫੋਰਮਾਂ ‘ਕਿਸਾਨ ਮਜ਼ਦੂਰ ਮੋਰਚਾ’ ਅਤੇ ‘ਐੱਸਕੇਐੱਮ (ਗ਼ੈਰ-ਸਿਆਸੀ)’ ਵੱਲੋਂ ਕਿਸਾਨੀ ਮੰਗਾਂ ਤੇ ਖ਼ਾਸ ਕਰਕੇ ਮੋਰਚੇ ਖਦੇੜਨ, ਕਿਸਾਨਾਂ ’ਤੇ ਤਸ਼ੱੱਦਦ ਢਾਹੁਣ ਅਤੇ ਇਸ ਮਗਰੋਂ ਕਿਸਾਨਾਂ ਦਾ ਸਾਮਾਨ ਚੋਰੀ ਹੋਣ ਸਮੇਤ ਹੋਰ ਮਸਲਿਆਂ ਦੇ ਹੱਲ ਲਈ ਭਲਕੇ 31 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਸਮੇਤ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਵੀ ਦਿੱਤੇ ਜਾਣਗੇ।
ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਕਾਕਾ ਕੋਟੜਾ, ਲਖਵਿੰਦਰ ਔਲਖ, ਸੁਖਜੀਤ ਹਰਦੋਝੰਡੇ ਤੇ ਹੋਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਨਾਂ ਦਿੱਤੇ ਜਾਣ ਵਾਲੇ ਮੰਗ ਪੱਤਰਾਂ ’ਚ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਗਾਰੰਟੀ ਕਾਨੂੰਨ ਸਮੇਤ ਅੰਦੋਲਨ ਦੀਆਂ ਸਮੂਹ 12 ਮੰਗਾਂ ਦਾ ਹੱਲ ਜਲਦ ਹੱਲ ਕਰਨ ਲਈ ਕਿਹਾ ਜਾਵੇਗਾ। ਇਹ ਮੰਗ ਵੀ ਕੀਤੀ ਜਾਵੇਗੀ ਕਿ 19 ਮਾਰਚ ਨੂੰ ਦੋਵਾਂ ਬਾਰਡਰਾਂ ’ਤੇ ਪੁਲੀਸ ਬਲ ਜ਼ਰੀਏੇ ਮੋਰਚੇ ਉਖਾੜਨ ਮੌਕੇ ਅਤੇ ਇਸ ਮਗਰੋਂ ਹੋਏ ਸਮੁੱਚੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇ। ਚੋਰੀ ’ਚ ਸਿੱਧੇ ਅਤੇ ਅਸਿੱਧੇ ਤੌਰ ’ਤੇ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਬਾਕਾਇਦਾ ਕੇਸ ਦਰਜ ਕੀਤੇ ਜਾਣ। ਇਸ ਤੋਂ ਇਲਾਵਾ ਮੋਰਚਿਆਂ ਤੋਂ ਖਦੇੜਨ ਤੇ ਗ੍ਰਿਫ਼ਤਾਰ ਕਰਨ ਮੌਕੇ ਕਿਸਾਨਾਂ-ਮਜ਼ਦੂਰਾਂ ਦੀ ਕੁੱਟਮਾਰ ਤੇ ਕਿਸਾਨ ਆਗੂ ਬਲਵੰਤ ਬਹਿਰਾਮਕੇ ਦੀ 20 ਮਾਰਚ ਨੂੰ ਕੁੱਟਮਾਰ ਕਰਨ ਵਾਲੇ ਥਾਣਾ ਮੁਖੀ ਨੂੰ ਬਰਖਾਸਤ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਉਲੀਕੇ ਪ੍ਰੋਗਰਾਮ ਤਹਿਤ 17 ਜ਼ਿਲ੍ਹਿਆਂ ’ਚ ਕਈ ਥਾਈਂ ਅਜਿਹੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਪਟਿਆਲਾ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੰਗਰੂਰ ’ਚ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਕੁਲਦੀਪ ਧਾਲੀਵਾਲ, ਲਾਲਜੀਤ ਭੁੱਲਰ, ਹਰਦੀਪ ਮੁੰਡੀਆਂ, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਸਰਵਣ ਸਿੰਘ ਭਿੱਖੀਵਿੰਡ, ਮਨਜਿੰਦਰ ਲਾਲਪੁਰਾ, ਕਸ਼ਮੀਰ ਸੋਹਲ, ਜਸਬੀਰ ਰਾਜਾ, ਕਰਮਬੀਰ ਘੁੰਮਣ, ਡਾ. ਰਵਜੋਤ ਸਿੰਘ, ਅਮਨਸ਼ੇਰ ਸਿੰਘ ਕਲਸੀ, ਅਮਰਪਾਲ ਸਿੰਘ ਤੇ ਲਾਲ ਚੰਦ ਕਟਾਰੂਚੱਕ ਦੀਆਂ ਰਿਹਾਇਸ਼ਾਂ ਸਮੇਤ ਦਰਜਨ ਭਰ ਹੋਰ ਥਾਵਾਂ ’ਤੇ ਅਜਿਹੇ ਘਿਰਾਓ ਕੀਤੇ ਜਾਣਗੇ।

Advertisement

Advertisement