ਧਨਖੜ ਵੱਲੋਂ ਨੱਢਾ ਅਤੇ ਖੜਗੇ ਨਾਲ ਮੁਲਾਕਾਤ
ਨਵੀਂ ਦਿੱਲੀ, 24 ਮਾਰਚ
ਹਾਈ ਕੋਰਟ ਦੇ ਜੱਜ ਦੀ ਰਿਹਾਇਸ਼ ਤੋਂ ਨਕਦੀ ਮਿਲਣ ਦੇ ਦੋਸ਼ਾਂ ’ਤੇ ਨਿਆਂਇਕ ਜਵਾਬਦੇਹੀ ਤੈਅ ਕਰਨ ਦੀ ਉੱਠੀ ਮੰਗ ਦਰਮਿਆਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਸਦਨ ਦੇ ਨੇਤਾ ਜੇਪੀ ਨੱਢਾ ਅਤੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਧਨਖੜ ਨੇ ਕਿਹਾ ਕਿ ਉਨ੍ਹਾਂ ਚੀਫ਼ ਜਸਟਿਸ ਆਫ਼ ਇੰਡੀਆ ਵੱਲੋਂ ਮਾਮਲੇ ਦੀ ਤਹਿਕੀਕਾਤ ਲਈ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨ ਦਾ ਫ਼ੈਸਲਾ ਲਿਆ ਹੈ। ਰਾਜ ਸਭਾ ਚੇਅਰਮਨ ਨੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਬਹੁਤ ਅਸਰਦਾਰ ਤੇ ਪਾਰਦਰਸ਼ੀ ਢੰਗ ਨਾਲ ਕਾਰਵਾਈ ਸ਼ੁਰੂ ਕੀਤੀ ਹੈ। ਉਪ ਰਾਸ਼ਟਰਪਤੀ ਧਨਖੜ, ਜੋ ਕੌਮੀ ਜੁਡੀਸ਼ਲ ਨਿਯੁਕਤੀ ਕਮਿਸ਼ਨ ਐਕਟ (ਐੱਨਜੇਏਸੀ ਐਕਟ) ਰੱਦ ਕਰਨ ਦੇ ਸੁਪਰੀਮ ਕੋਰਟ ਦੇ ਅਕਤੂਬਰ 2015 ਦੇ ਫ਼ੈਸਲੇ ਦੀ ਨਿਖੇਧੀ ਕਰਦੇ ਆ ਰਹੇ ਹਨ, ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦੇ ਸੁਝਾਅ ਤਹਿਤ ਉਹ ਛੇਤੀ ਹੀ ਮੁੱਦੇ ’ਤੇ ਰਾਜ ਸਭਾ ’ਚ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਸੱਦਣਗੇ ਅਤੇ ਐੱਨਜੇਏਸੀ ਐਕਟ ਦੇ ਮੁੱਦੇ ਬਾਰੇ ਵੀ ਚਰਚਾ ਕਰਨਗੇ। ਧਨਖੜ ਨੇ ਪਹਿਲਾਂ ਰਾਜ ਸਭਾ ’ਚ ਭਰੋਸਾ ਦਿੱਤਾ ਸੀ ਕਿ ਉਹ ਜੱਜ ਦੇ ਘਰੋਂ ਨਕਦੀ ਮਿਲਣ ਦੇ ਮਾਮਲੇ ’ਤੇ ਵਿਸਥਾਰ ਨਾਲ ਚਰਚਾ ਕਰਾਉਣਗੇ। ਨੱਢਾ ਅਤੇ ਖੜਗੇ ਨੇ ਧਨਖੜ ਦੇ ਚੈਂਬਰ ’ਚ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਮਗਰੋਂ ਧਨਖੜ ਨੇ ਕਿਹਾ ਕਿ ਉਹ ਦੋਵੇਂ ਆਗੂਆਂ ਦੇ ਧੰਨਵਾਦੀ ਹਨ ਜਿਨ੍ਹਾਂ ਜੁਡੀਸ਼ਰੀ, ਸੰਸਦ ਮੈਂਬਰਾਂ ਅਤੇ ਲੋਕਾਂ ’ਚ ਉੱਠ ਰਹੇ ਸਵਾਲਾਂ ਬਾਰੇ ਅਰਥ ਭਰਪੂਰ ਗੱਲਬਾਤ ਕੀਤੀ। ਰਾਜ ਸਭਾ ਚੇਅਰਮੈਨ ਨੇ ਕਿਹਾ, ‘‘ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਚੀਫ਼ ਜਸਟਿਸ ਨੇ ਪਾਰਦਰਸ਼ੀ ਅਤੇ ਜਵਾਬਦੇਹ ਢੰਗ ਨਾਲ ਅਦਾਲਤ ਕੋਲ ਕੁਝ ਵੀ ਰੱਖੇ ਬਿਨਾਂ ਸਾਰਾ ਰਿਕਾਰਡ ਜਨਤਕ ਕਰ ਦਿੱਤਾ। ਚੀਫ਼ ਜਸਟਿਸ ਆਫ਼ ਇੰਡੀਆ ਵੱਲੋਂ ਕਮੇਟੀ ਦੇ ਗਠਨ ਅਤੇ ਉਨ੍ਹਾਂ ਵੱਲੋਂ ਦਿਖਾਈ ਚੌਕਸੀ ’ਤੇ ਵਿਚਾਰ ਕਰਨ ਦੀ ਲੋੜ ਹੈ। ਨਿਆਂਪਾਲਿਕਾ ਅਤੇ ਵਿਧਾਨਪਾਲਿਕਾ ਵਰਗੀਆਂ ਸੰਸਥਾਵਾਂ ਦਾ ਜਦੋਂ ਅੰਦਰੂਨੀ ਪ੍ਰਬੰਧ ਢੁੱਕਵਾਂ ਹੁੰਦਾ ਹੈ ਤਾਂ ਇਸ ਨਾਲ ਜਨਤਕ ਭਰੋਸਾ ਕਾਇਮ ਹੁੰਦਾ ਹੈ।’’ -ਪੀਟੀਆਈ