Uddhav Thackeray on Kunal Kamra: 'ਗ਼ੱਦਾਰ' ਦੇ ਅਪਮਾਨ ’ਤੇ ਸਰਕਾਰ ਵੱਲੋਂ ਕਾਮਰਾ ਤਲਬ, ਪਰ ਸ਼ਿਵਾਜੀ ਦੇ ਅਪਮਾਨ ’ਤੇ ਖ਼ਾਮੋਸ਼ੀ: ਊਧਵ
ਮੁੰਬਈ, 27 ਮਾਰਚ
Uddhav Thackeray on Kunal Kamra Issue: ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ (Shiv Sena (UBT) chief Uddhav Thackeray) ਨੇ ਵੀਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਕਾਮੇਡੀਅਨ ਕੁਨਾਲ ਕਾਮਰਾ ਨੂੰ ਤਾਂ 'ਗ਼ੱਦਾਰ' ਦਾ ਅਪਮਾਨ ਕਰਨ ਲਈ ਤਲਬ ਕੀਤਾ, ਪਰ ਅਭਿਨੇਤਾ ਰਾਹੁਲ ਸੋਲਾਪੁਰਕਰ ਵੱਲੋਂ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ‘ਅਪਮਾਨ’ ਕੀਤੇ ਜਾਣ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਸੂਬਾਈ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸਮਾਪਤੀ ਤੋਂ ਇੱਕ ਦਿਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੁਸਲਿਮ ਪਰਿਵਾਰਾਂ ਲਈ 'ਸੌਗਤ-ਏ-ਮੋਦੀ' ਪ੍ਰੋਗਰਾਮ ਲਈ ਵੀ ਭਾਜਪਾ ਦੀ ਆਲੋਚਨਾ ਕੀਤੀ। ਠਾਕਰੇ ਨੇ ਕਿਹਾ, "ਤੁਸੀਂ ਕੁਨਾਲ ਕਾਮਰਾ ਨੂੰ ਇੱਕ ਗ਼ੱਦਾਰ ਦਾ ਅਪਮਾਨ ਕਰਨ ਲਈ ਦੋ ਵਾਰ ਸੰਮਨ ਕਰਦੇ ਹੋ, ਪਰ ਰਾਹੁਲ ਸੋਲਾਪੁਰਕਰ ਨੂੰ ਇੱਕ ਵਾਰ ਵੀ ਨਹੀਂ ਬੁਲਾਉਂਦੇ।"
ਕਾਮਰਾ, ਜਿਸ ਦੇ ਪੈਰੋਡੀ ਗੀਤ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਐਤਵਾਰ ਨੂੰ ਇੱਥੇ ਇੱਕ ਸਟੂਡੀਓ 'ਤੇ ਸ਼ਿੰਦੇ ਦੇ ਸਮਰਥਕਾਂ ਵੱਲੋਂ ਹਮਲਾ ਕੀਤਾ ਗਿਆ ਸੀ, ਨੂੰ ਮੁੰਬਈ ਪੁਲੀਸ ਨੇ ਤਲਬ ਕੀਤਾ ਹੈ। ਸ਼ਿਵ ਸੈਨਾ (UBT) ਨੇ ਅਕਸਰ ਸ਼ਿੰਦੇ ਲਈ 'ਗ਼ੱਦਾਰ' ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਨੇ ਠਾਕਰੇ ਵਿਰੁੱਧ ਬਗਾਵਤ ਕੀਤੀ ਸੀ ਅਤੇ 2022 ਵਿੱਚ ਪਾਰਟੀ ਨੂੰ ਵੰਡਿਆ ਸੀ।
ਸੋਲਾਪੁਰਕਰ ਹਾਲ ਹੀ ਵਿੱਚ ਇੱਕ ਪੋਡਕਾਸਟ ਵਿੱਚ ਇਹ ਕਹਿਣ ਤੋਂ ਬਾਅਦ ਨਿਸ਼ਾਨੇ ਉਤੇ ਆਇਆ ਸੀ ਕਿ 17ਵੀਂ ਸਦੀ ਦੇ ਮਰਾਠਾ ਯੋਧਾ ਰਾਜਾ ਸ਼ਿਵਾਜੀ ਮਹਾਰਾਜ, ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਆਗਰਾ ਦੇ ਕਿਲ੍ਹੇ ਤੋਂ ਭੱਜ ਗਏ ਸਨ, ਨਾ ਕਿ ਆਮ ਪ੍ਰਚਲਿਤ ਦਾਅਵਿਆਂ ਮੁਤਾਬਕ ਆਪਣੇ ਆਪ ਨੂੰ ਮਠਿਆਈਆਂ ਦੀ ਟੋਕਰੀ ਵਿੱਚ ਛੁਪਾ ਕੇ ਜੇਲ੍ਹ ਤੋਂ ਬਚ ਨਿਕਲੇ ਸਨ। ਕੁਝ ਸੱਜੇ-ਪੱਖੀ ਸੰਗਠਨਾਂ ਨੇ 'ਰਿਸ਼ਵਤ' ਸ਼ਬਦ ਦੀ ਵਰਤੋਂ ਉਤੇ ਇਤਰਾਜ਼ ਉਠਾਇਆ ਹੈ।
‘ਸੌਗਾਤ-ਏ-ਮੋਦੀ’ ਦੀ ਪਹਿਲਕਦਮੀ ਬਾਰੇ ਗੱਲ ਕਰਦਿਆਂ ਠਾਕਰੇ ਨੇ ਕਿਹਾ, "ਜਦੋਂ ਸ਼ਿਵ ਸੈਨਾ ਨੂੰ ਮੁਸਲਿਮ ਵੋਟਰਾਂ ਦਾ ਭਾਰੀ ਸਮਰਥਨ ਮਿਲਿਆ ਤਾਂ ਇਹ ਕਹਿ ਕੇ ਰੌਲਾ ਪਾਇਆ ਗਿਆ ਕਿ ਮੈਂ ਹਿੰਦੂਤਵ ਛੱਡ ਦਿੱਤਾ ਹੈ। ਉਨ੍ਹਾਂ ਨੇ ‘ਸੱਤਾ-ਜਿਹਾਦ’ ਵਰਗੇ ਸ਼ਬਦ ਵੀ ਘੜੇ ਸਨ। ਪਰ ਹੁਣ ਉਨ੍ਹਾਂ ਲੋਕਾਂ ਨੇ ਆਪਣਾ ਰੁਖ਼ ਬਦਲ ਲਿਆ ਹੈ।" ਪੀਟੀਆਈ