Income tax: ਇਨ੍ਹਾਂ ਤਰੀਕਾਂ ਨੂੰ ਵੀ ਖੁੱਲ੍ਹੇ ਰਹਿਣਗੇ ਆਮਦਨ ਕਰ ਵਿਭਾਗ ਦੇ ਦਫ਼ਤਰ
ਮਾਲੀ ਸਾਲ ਦੌਰਾਨ ਬਕਾਇਆ ਟੈਕਸ ਨਾਲ ਸਬੰਧਤ ਕੰਮ-ਕਾਜ ਪੂਰਾ ਕਰਨ ਵਿੱਚ ਟੈਕਸਦਾਤਾਵਾਂ ਦੀ ਸਹੂਲਤ ਲਈ ਲਿਆ ਗਿਆ ਫ਼ੈਸਲਾ; ਆਗਾਮੀ 31 ਮਾਰਚ ਨੂੰ ਖਤਮ ਹੋ ਰਿਹੈ ਮੌਜੂਦਾ ਵਿੱਤੀ ਸਾਲ 2024-25
ਨਵੀਂ ਦਿੱਲੀ, 27 ਮਾਰਚ
ਦੇਸ਼ ਭਰ ਵਿੱਚ ਆਮਦਨ ਕਰ ਵਿਭਾਗ ਦੇ ਦਫ਼ਤਰ 29 ਮਾਰਚ ਤੋਂ 31 ਮਾਰਚ ਦੌਰਾਨ ਵੀ ਖੁੱਲ੍ਹੇ ਰਹਿਣਗੇ ਤਾਂ ਜੋ ਵਿੱਤੀ ਸਾਲ ਲਈ ਬਕਾਇਆ ਟੈਕਸ ਨਾਲ ਸਬੰਧਤ ਕਾਰੋਬਾਰ ਨੂੰ ਪੂਰਾ ਕਰਨ ਵਿੱਚ ਟੈਕਸਦਾਤਾਵਾਂ ਦੀ ਸਹੂਲਤ ਹੋ ਸਕੇ। ਮੌਜੂਦਾ ਵਿੱਤੀ ਸਾਲ 2024-25 ਆਗਾਮੀ 31 ਮਾਰਚ ਨੂੰ ਖਤਮ ਹੋ ਰਿਹਾ ਹੈ। ਇਸ ਫ਼ੈਸਲੇ ਮੁਤਾਬਕ ਆਗਾਮੀ ਹਫ਼ਤੇ ਦੇ ਅਖ਼ੀਰ (weekend) ਅਤੇ ਸੰਭਵ ਤੌਰ ’ਤੇ ਸੋਮਵਾਰ ਨੂੰ ਆਉਣ ਵਾਲੀ ਈਦ-ਉਲ-ਫਿਤਰ ਵਾਲੇ ਦਿਨ ਵੀ ਆਮਦਨ ਕਰ ਵਿਭਾਗ ਦੇ ਦਫ਼ਤਰ ਖੁੱਲ੍ਹੇ ਰਹਿਣਗੇ।
ਇੱਕ ਆਦੇਸ਼ ਵਿੱਚ ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਕਿਹਾ, "ਬਕਾਇਆ ਵਿਭਾਗੀ ਕੰਮਾਂ ਨੂੰ ਪੂਰਾ ਕਰਨ ਦੀ ਸਹੂਲਤ ਲਈ, ਪੂਰੇ ਭਾਰਤ ਵਿੱਚ ਸਾਰੇ ਇਨਕਮ ਟੈਕਸ ਦਫ਼ਤਰ 29, 30 ਅਤੇ 31 ਮਾਰਚ, 2025 ਨੂੰ ਖੁੱਲ੍ਹੇ ਰਹਿਣਗੇ।" 31 ਮਾਰਚ, 2025 ਮੌਜੂਦਾ ਵਿੱਤੀ ਸਾਲ ਦਾ ਆਖ਼ਰੀ ਦਿਨ ਹੋਣ ਕਰਕੇ, ਵਿੱਤੀ ਸਾਲ ਨਾਲ ਸਬੰਧਤ ਸਾਰੀਆਂ ਸਰਕਾਰੀ ਅਦਾਇਗੀਆਂ ਅਤੇ ਨਿਬੇੜੇ ਉਸ ਦਿਨ ਤੱਕ ਪੂਰੇ ਕੀਤੇ ਜਾਣੇ ਹਨ। 31 ਮਾਰਚ, ਹੀ AY (ਅਸੈਸਮੈਂਟ ਸਾਲ) 2023-24 ਲਈ ਅੱਪਡੇਟਿਡ ਆਈਟੀਆਰ ਦਾਖ਼ਲ ਕਰਨ ਦੀ ਆਖਰੀ ਮਿਤੀ ਵੀ ਹੈ। ਪੀਟੀਆਈ