ਸਥਾਨਕ ਚੋਣਾਂ: ਸ਼ਿਕਾਇਤਾਂ ਸਬੰਧੀ ਸਾਬਕਾ ਜੱਜ ਨਿਯੁਕਤ ਕਰੇਗਾ ਸੁਪਰੀਮ ਕੋਰਟ
ਨਵੀਂ ਦਿੱਲੀ, 24 ਮਾਰਚ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਪੰਜਾਬ ਦੀਆਂ ਸਥਾਨਕ ਚੋਣਾਂ ਦੇ ਪੀੜਤ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਦੀ ਨਿਯੁਕਤੀ ਕਰੇਗੀ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਪੰਜਾਬ ਸਰਕਾਰ ਅਤੇ ਸਥਾਨਕ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੇ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਦਾ ਨਾਮ ਸੁਝਾਉਣ, ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਸਕੇ। ਬੈਂਚ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਕਿਹਾ, ‘‘ਇਹ ਲੋਕਾਂ ਦੀ ਆਸਥਾ ਅਤੇ ਭਰੋਸੇ ਦਾ ਸਵਾਲ ਹੈ। ਜੇਕਰ ਸੀਨੀਅਰ ਅਧਿਕਾਰੀਆਂ ’ਤੇ ਦੋਸ਼ ਲਗਦਾ ਹੈ ਤਾਂ ਉਹ ਸ਼ਿਕਾਇਤਾਂ ’ਤੇ ਗੌਰ ਨਹੀਂ ਕਰ ਸਕਦੇ।’’ ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਇੱਕ ਮੈਂਬਰੀ ਤੱਥ-ਖੋਜ ਕਮੇਟੀ ਦੇ ਸੰਦਰਭ ਅਤੇ ਸ਼ਰਤਾਂ ਸਬੰਧੀ ਇੱਕ ਜਾਂ ਦੋ ਦਿਨ ਵਿੱਚ ਵਿਸਥਾਰਿਤ ਆਦੇਸ਼ ਪਾਸ ਕਰੇਗੀ। ਕਮੇਟੀ ਦਾ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਹੋਵੇਗਾ। ਇੱਥੇ ਸਿਰਫ਼ ਉਹੀ ਪਟੀਸ਼ਨਰ ਦਾਅਵੇ ਪੇਸ਼ ਸਕਦੇ ਹਨ ਜਿਨ੍ਹਾਂ ਨੇ ਦਸੰਬਰ 2024-ਜਨਵਰੀ 2025 ਦੀਆਂ ਸਥਾਨਕ ਚੋਣਾਂ ਖ਼ਿਲਾਫ਼ ਸ਼ਿਕਾਇਤਾਂ ਨਾਲ ਅਦਾਲਤ ਦਾ ਦਰਵਾਜਾ ਖੜਕਾਇਆ ਹੈ। -ਪੀਟੀਆਈ