ਅਸ਼ਲੀਲ ਹਰਕਤਾਂ ਜਬਰ-ਜਨਾਹ ਦੀ ਕੋਸ਼ਿਸ਼ ਨਹੀਂ: ਅਲਾਹਾਬਾਦ ਹਾਈ ਕੋਰਟ
ਪ੍ਰਯਾਗਰਾਜ, 20 ਮਾਰਚ
ਅਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਅਸ਼ਲੀਲ ਹਰਕਤਾਂ ਅਤੇ ਪਜਾਮੀ ਦਾ ਨਾੜਾ ਤੋੜਨਾ ਜਬਰ-ਜਨਾਹ ਦੀ ਕੋਸ਼ਿਸ਼ ਨਹੀਂ ਹੈ। ਹਾਈ ਕੋਰਟ ਮੁਤਾਬਕ ਕਿਸੇ ਔਰਤ ਦੇ ਕੱਪੜੇ ਉਤਾਰਨ ਦੇ ਇਰਾਦੇ ਨਾਲ ਹਮਲਾ ਜਾਂ ਨਿਰਵਸਤਰ ਕਰਨ ਦੀ ਕੋਸ਼ਿਸ਼ ਹੀ ਜੁਰਮ ਦੇ ਘੇਰੇ ਤਹਿਤ ਆਉਂਦਾ ਹੈ। ਇਹ ਹੁਕਮ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਦੋ ਵਿਅਕਤੀਆਂ ਵੱਲੋਂ ਦਾਖ਼ਲ ਨਜ਼ਰਸਾਨੀ ਪਟੀਸ਼ਨ ’ਤੇ ਸੁਣਾਇਆ ਹੈ। ਮੁਲਜ਼ਮਾਂ ਨੇ ਕਾਸਗੰਜ ਦੇ ਸਪੈਸ਼ਲ ਜੱਜ ਵੱਲੋਂ ਸੁਣਾਏ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਸੀ। ਕੇਸ ਦੇ ਤੱਥਾਂ ਮੁਤਾਬਕ ਸਪੈਸ਼ਲ ਜੱਜ (ਪੋਕਸੋ ਐਕਟ) ਦੀ ਅਦਾਲਤ ’ਚ ਦਾਖ਼ਲ ਅਰਜ਼ੀ ’ਚ ਦੋਸ਼ ਲਾਇਆ ਗਿਆ ਸੀ ਕਿ ਪਿੰਡ ਦੇ ਪਵਨ, ਆਕਾਸ਼ ਅਤੇ ਅਸ਼ੋਕ ਨੇ ਮਹਿਲਾ ਅਤੇ ਉਸ ਦੀ 14 ਵਰ੍ਹਿਆਂ ਦੀ ਧੀ ਨੂੰ ਰੋਕ ਕੇ ਮੋਟਰਸਾਈਕਲ ’ਤੇ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਮਾਂ ਨੇ ਉਨ੍ਹਾਂ ’ਤੇ ਯਕੀਨ ਕਰਕੇ ਆਪਣੀ ਧੀ ਨੂੰ ਮੋਟਰਸਾਈਕਲ ’ਤੇ ਭੇਜ ਦਿੱਤਾ। ਮੁਲਜ਼ਮਾਂ ਨੇ ਰਾਹ ’ਚ ਮੋਟਰਸਾਈਕਲ ਰੋਕ ਕੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ। ਲੜਕੀ ਵੱਲੋਂ ਰੌਲਾ ਪਾਉਣ ’ਤੇ ਉਥੇ ਦੋ ਵਿਅਕਤੀ ਪੁੱਜੇ ਅਤੇ ਮੁਲਜ਼ਮ ਉਨ੍ਹਾਂ ਨੂੰ ਬੰਦੂਕ ਦਿਖਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਲੜਕੀ ਅਤੇ ਗਵਾਹਾਂ ਦੇ ਬਿਆਨ ਦਰਜ ਕਰਨ ਮਗਰੋਂ ਹੇਠਲੀ ਅਦਾਲਤ ਨੇ ਜਬਰ-ਜਨਾਹ ਦੇ ਦੋਸ਼ ਲਈ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਸਨ। ਹਾਈ ਕੋਰਟ ਨੇ 17 ਮਾਰਚ ਨੂੰ ਸੁਣਾਏ ਫ਼ੈਸਲੇ ’ਚ ਕਿਹਾ ਕਿ ਅਜਿਹਾ ਕੋਈ ਦੋਸ਼ ਸਾਬਤ ਨਹੀਂ ਹੋਇਆ ਕਿ ਮੁਲਜ਼ਮਾਂ ਨੇ ਲੜਕੀ ਨਾਲ ਜਬਰ-ਜਨਾਹ ਕੀਤਾ ਸੀ ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਜਬਰ-ਜਨਾਹ ਦਾ ਕੋਈ ਕੇਸ ਨਹੀਂ ਬਣਦਾ ਹੈ। ਜੱਜ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 354 (ਬੀ) ਅਤੇ ਪੋਕਸੋ ਐਕਟ ਦੀ ਧਾਰਾ 9 ਤਹਿਤ ਸੰਮਨ ਜਾਰੀ ਕੀਤਾ ਜਾਣਾ ਚਾਹੀਦਾ ਹੈ ਜਿਸ ਤਹਿਤ ਨਾਬਾਲਗ ਬੱਚੀ ਨਾਲ ਗੰਭੀਰ ਜਿਨਸੀ ਅਪਰਾਧ ਲਈ ਸਜ਼ਾ ਦਾ ਪ੍ਰਬੰਧ ਹੈ। -ਪੀਟੀਆਈ