ਪਰਲ ਮਾਮਲਾ: ਈਡੀ ਵੱਲੋਂ ਨਿਰਮਲ ਸਿੰਘ ਭੰਗੂ ਦਾ ਜਵਾਈ ਗ੍ਰਿਫ਼ਤਾਰ
ਨਵੀਂ ਦਿੱਲੀ, 22 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਕਿ ਉਸ ਨੇ ਕਥਿਤ 48,000 ਕਰੋੜ ਰੁਪਏ ਦੀ ਪੋਂਜ਼ੀ ਸਕੀਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਪੀਏਸੀਐੱਲ (ਪਰਲ ਗਰੁੱਪ) ਦੇ ਮਰਹੂਮ ਪ੍ਰਮੋਟਰ ਨਿਰਮਲ ਸਿੰਘ ਭੰਗੂ ਦੇ ਜਵਾਈ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਪੋਂਜ਼ੀ ਸਕੀਮ ਵਿੱਚ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ ਗਈ ਹੈ। ਭੰਗੂ ਦੇ ਜਵਾਈ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ ਬੀਤੇ ਦਿਨ ਹਿਰਾਸਤ ਵਿੱਚ ਲਿਆ ਗਿਆ ਸੀ। ਸੰਘੀ ਜਾਂਚ ਏਜੰਸੀ ਨੇ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ ਦੀ ਵਿਸ਼ੇਸ਼ ਅਦਾਲਤ ਨੇ ਹਰਸਤਿੰਦਰ ਪਾਲ ਸਿੰਘ ਨੂੰ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਨੀ ਲਾਂਡਰਿੰਗ ਦੀ ਇਹ ਜਾਂਚ 2015 ’ਚ ਪੀਏਸੀਐੱਲ ਇੰਡੀਆ ਲਿਮਿਟਡ, ਪੀਜੀਐੱਫ ਲਿਮਟਿਡ, ਭੰਗੂ ਅਤੇ ਹੋਰਾਂ ਖ਼ਿਲਾਫ਼ ਨਿਵੇਸ਼ਕਾਂ ਨਾਲ ਠੱਗੀ ਦੇ ਮਕਸਦ ਨਾਲ ਯੋਜਨਾਵਾਂ ਚਲਾਉਣ ਲਈ ਸੀਬੀਆਈ ਵੱਲੋਂ ਦਰਜ ਐੱਫਆਈਆਰ ਨਾਲ ਜੁੜੀ ਹੈ। ਈਡੀ ਮੁਤਾਬਕ, ਇਨ੍ਹਾਂ ਯੋਜਨਾਵਾਂ ਰਾਹੀਂ ਪੀਏਸੀਐੱਲ ਅਤੇ ਉਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਪਗ 48,000 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਇਸ ਨੇ ਕਿਹਾ ਕਿ ਹੇਅਰ ਪੀਏਸੀਐੱਲ ਲਿਮਿਟਡ ਦੀਆਂ ਕਈ ਸਹਿਯੋਗੀ ਕੰਪਨੀਆਂ ਵਿੱਚ ਡਾਇਰੈਕਟਰ ਸੀ, ਜਿਨ੍ਹਾਂ ਵਿੱਚ ਦੋ ਆਸਟਰੇਲਿਆਈ ਕੰਪਨੀਆਂ ਸ਼ਾਮਲ ਹਨ। ਈਡੀ ਨੇ ਦੋਸ਼ ਲਗਾਇਆ ਕਿ ਪੀਏਸੀਐੱਲ ਅਤੇ ਉਸ ਦੀਆਂ ਸਹਿਯੋਗ ਕੰਪਨੀਆਂ ਨੇ ‘ਅਪਰਾਧ ਦੀ ਕਮਾਈ’ ਦੇ 657.18 ਕਰੋੜ ਰੁਪਏ ਹੇਅਰ ਦੇ ਕੰਟਰੋਲ ਵਾਲੀਆਂ ਇਨ੍ਹਾਂ ਆਸਟਰੇਲਿਆਈ ਕੰਪਨੀਆਂ ਵਿੱਚ ਲਗਾਏ। ਇਸ ਰਕਮ ਨੂੰ ਮੁੜ ਤੋਂ ਆਸਟਰੇਲਿਆਈ ਕੰਪਨੀਆਂ ਨੇ ਆਸਟਰੇਲੀਆ ਵਿੱਚ ਵੱਖ-ਵੱਖ ਰੀਅਲ ਅਸਟੇਟ ਸੰਪਤੀਆਂ ਵਿੱਚ ਨਿਵੇਸ਼ ਕੀਤਾ। ਈਡੀ ਨੇ ਕਿਹਾ ਕਿ ਹੇਅਰ 25 ਜੁਲਾਈ 2016 ਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪੀਏਸੀਐੱਲ ਅਤੇ ਇਸ ਦੀਆਂ ਸਬੰਧਤ ਸੰਸਥਾਵਾਂ ਦੀਆਂ ਸੰਪਤੀਆਂ ਨੂੰ ਵੇਚ ਰਿਹਾ ਸੀ। ਈਡੀ ਨੇ ਆਸਟਰੇਲੀਆ ਵਿੱਚ 462 ਕਰੋੜ ਰੁਪਏ ਦੀਆਂ ਦੋ ਅਚੱਲ ਸੰਪਤੀਆਂ ਸਣੇ 706 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਹਨ ਅਤੇ ਪੀਏਸੀਐੱਲ, ਭੰਗੂ ਅਤੇ ਹੋਰਾਂ ਖ਼ਿਲਾਫ਼ ਦੋ ਦੋਸ਼ ਪੱਤਰ ਦਾਇਰ ਕੀਤੇ ਹਨ। -ਪੀਟੀਆਈ