ਜਸਟਿਸ ਗਵਈ ਵੱਲੋਂ ਮਨੀਪੁਰ ਵਾਸੀਆਂ ਨੂੰ ਸ਼ਾਂਤੀ ਲਈ ਮਿਲ ਕੇ ਯਤਨ ਕਰਨ ਦੀ ਅਪੀਲ
* ਸੁਪਰੀਮ ਕੋਰਟ ਦੇ ਜੱਜਾਂ ਦੀ ਟੀਮ ਇੰਫਾਲ ਪੁੱਜੀ
* ਨਸਲੀ ਹਿੰਸਾ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ
ਚੂਰਾਚਾਂਦਪੁਰ/ਇੰਫਾਲ (ਮਨੀਪੁਰ), 22 ਮਾਰਚ
ਜਸਟਿਸ ਬੀਆਰ ਗਵਈ ਦੀ ਅਗਵਾਈ ਹੇਠ ਸੁਪਰੀਮ ਕੋਰਟ ਦੇ ਜੱਜਾਂ ਦੇ ਵਫ਼ਦ ਨੇ ਅੱਜ ਮਨੀਪੁਰ ਦਾ ਦੌਰਾ ਕੀਤਾ ਅਤੇ ਨਸਲੀ ਹਿੰਸਾ ਪ੍ਰਭਾਵਿਤ ਸੂਬਾ ਵਾਸੀਆਂ ਨੂੰ ਸ਼ਾਂਤੀ ਤੇ ਸਦਭਾਵਨਾ ਬਹਾਲੀ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਜਸਟਿਸ ਗਵਈ ਨੇ ਉਮੀਦ ਪ੍ਰਗਟਾਈ ਕਿ ਨਸਲੀ ਹਿੰਸਾ ਪ੍ਰਭਾਵਿਤ ਸੂਬੇ ਵਿੱਚ ‘ਮੌਜੂਦਾ ਮੁਸ਼ਕਲ ਦੌਰ’ ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ ਦੇ ਸਹਿਯੋਗ ਨਾਲ ਜਲਦੀ ਹੀ ਖ਼ਤਮ ਹੋ ਜਾਵੇਗਾ ਅਤੇ ਸੂਬਾ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਖੁਸ਼ਹਾਲ ਹੋਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਜਸਟਿਸ ਗਵਈ ਨੇ ਸੁਪਰੀਮ ਕੋਰਟ ਦੇ ਜੱਜਾਂ ਜਸਟਿਸ ਵਿਕਰਮ ਨਾਥ, ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਨਾਲ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਰਾਹਤ ਕੈਂਪ ਦਾ ਦੌਰਾ ਕੀਤਾ ਅਤੇ ਬੇਘਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਜ਼ਿਲ੍ਹੇ ਦੇ ਲਮਕਾ ਸਥਿਤ ਮਿੰਨੀ ਸਕੱਤਰੇਤ ਤੋਂ ਕਾਨੂੰਨੀ ਸੇਵਾ ਕੈਂਪ ਅਤੇ ਮੈਡੀਕਲ ਕੈਂਪ ਦਾ ਵਰਚੁਅਲੀ ਉਦਘਾਟਨ ਵੀ ਕੀਤਾ। ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਡੀ. ਕ੍ਰਿਸ਼ਨਕੁਮਾਰ ਅਤੇ ਜਸਟਿਸ ਗੋਲਮੇਈ ਗਾਇਫੁਲਸ਼ੀਲੂ ਵੀ ਮੌਜੂਦ ਸਨ। ਇਸ ਮੌਕੇ ਲੋਕਾਂ ਨੂੰ ਜਸਟਿਸ ਗਵਈ ਨੇ ਕਿਹਾ, ‘‘ਭਾਰਤ ਦਾ ਸੰਵਿਧਾਨ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ।’’ ਉਨ੍ਹਾਂ ਸੂਬਾ ਵਾਸੀਆਂ ਨੂੰ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਦੀ ਅਪੀਲ ਕੀਤੀ। ਜਸਟਿਸ ਗਵਈ ਨੇ ਕਿਹਾ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਜਿਸ ਦੇ ਉਹ ਕਾਰਜਕਾਰੀ ਚੇਅਰਮੈਨ ਹਨ, ਨੇ ਬੇਘਰ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਲਈ ਢਾਈ ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਤੋਂ ਪਹਿਲਾਂ ਵੀ ਡੇਢ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਸੂਬੇ ਵਿੱਚ 109 ਮੈਡੀਕਲ ਕੈਂਪ ਸਥਾਪਤ ਗਏ ਹਨ। ਜਸਟਿਸ ਗਵਈ ਨੇ ਹਿੰਸਾ ਦੌਰਾਨ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਨੂੰ ਮੁੜ ਦਾਖ਼ਲਾ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਵਿਦਿਅਕ ਸੰਸਥਾਵਾਂ ਅਤੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਕਿ ਉਹ ਯਕੀਨੀ ਬਣਾਉਣ ਕਿ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਸਕਣ। -ਪੀਟੀਆਈ
ਮੈਤੇਈ ਜਥੇਬੰਦੀ ਵੱਲੋਂ ਪਿੰਡਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ
ਚੂਰਾਚਾਂਦਪੁਰ:
ਸਥਾਨਕ ਮੈਤੇਈ ਜਥੇਬੰਦੀ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਜਸਟਿਸ ਬੀਆਰ ਗਵਈ ਨੂੰ ਇਸ ਭਾਈਚਾਰੇ ਨਾਲ ਸਬੰਧਤ ਪਿੰਡਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਮਨੀਪੁਰ ਦੇ ਕੁੱਕੀ ਬਹੁਗਿਣਤੀ ਵਾਲੇ ਜ਼ਿਲ੍ਹੇ ਵਿੱਚ ਉੱਜੜੇ ਲੋਕਾਂ ਦਾ ਮੁੜ-ਵਸੇਬਾ ਕਰਨ ਦੀ ਅਪੀਲ ਕੀਤੀ। ਚੂਰਾਚਾਂਦਪੁਰ ਮੈਤੇਈ ਸਾਂਝੀ ਕਮੇਟੀ ਨੇ ਜਸਟਿਸ ਗਵਈ ਨੂੰ ਮੰਗ ਪੱਤਰ ਵੀ ਦਿੱਤਾ। - ਪੀਟੀਆਈ
ਮਨੀਪੁਰ ਲਈ ‘ਮੱਲ੍ਹਮ’ ਦਾ ਕੰਮ ਕਰੇਗਾ ਜੱਜਾਂ ਦਾ ਦੌਰਾ: ਜਸਟਿਸ ਕੋਟੀਸ਼ਵਰ ਸਿੰਘ
ਇੰਫਾਲ:
ਸੁਪਰੀਮ ਕੋਰਟ ਦੇ ਜੱਜ ਜਸਟਿਸ ਐੱਨ. ਕੋਟਿਸ਼ਵਰ ਸਿੰਘ ਨੇ ਅੱਜ ਕਿਹਾ ਕਿ ਮਨੀਪੁਰ ਵਿੱਚ ਸਿਖ਼ਰਲੀ ਅਦਾਲਤ ਦੇ ਜੱਜਾਂ ਦਾ ਦੌਰਾ ਹਿੰਸਾ ਪ੍ਰਭਾਵਿਤ ਲੋਕਾਂ ਲਈ ‘ਮੱਲ੍ਹਮ ਲਾਉਣ’ ਦਾ ਕੰਮ ਕਰੇਗਾ ਅਤੇ ਉਨ੍ਹਾਂ ਵਿੱਚ ਆਸ ਦੀ ਉਮੀਦ ਜਗੇਗੀ। ਜਸਟਿਸ ਕੋਟੀਸ਼ਵਰ ਸਿੰਘ ਮਨੀਪੁਰ ਵਿੱਚ ਪੁੱਜੇ ਜੱਜਾਂ ਦੇ ਵਫ਼ਦ ਦਾ ਹਿੱਸਾ ਹਨ ਅਤੇ ਉਹ ਮੈਤੇਈ ਭਾਈਚਾਰੇ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ, ਕੁੱਝ ਬਾਰ ਐਸੋਸੀਏਸ਼ਨ ਦੇ ਇਤਰਾਜ਼ ਕਾਰਨ ਜਸਟਿਸ ਕੋਟੀਸ਼ਵਰ ਨੇ ਕੁੱਕੀ ਬਹੁਗਿਣਤੀ ਵਾਲੇ ਚੂਰਾਚਾਂਦਪੁਰ ਖੇਤਰ ਦਾ ਦੌਰਾ ਨਹੀਂ ਕੀਤਾ।