ਅਮਰੀਕਾ ਦੀ ਯੂਕਰੇਨੀ ਤੇ ਰੂਸੀ ਵਫ਼ਦਾਂ ਨਾਲ ਜੰਗਬੰਦੀ ਬਾਰੇ ਵਾਰਤਾ ਸ਼ੁਰੂ
ਕੀਵ, 24 ਮਾਰਚ
ਯੂਕਰੇਨ ’ਚ ਜੰਗਬੰਦੀ ਲਈ ਅਮਰੀਕੀ ਅਤੇ ਰੂਸੀ ਵਾਰਤਾਕਾਰਾਂ ਵਿਚਕਾਰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ’ਚ ਅੱਜ ਤੋਂ ਵਾਰਤਾ ਸ਼ੁਰੂ ਹੋ ਗਈ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਯੂਕਰੇਨੀ ਵਫ਼ਦ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਵੱਖੋ-ਵੱਖਰੀਆਂ ਮੀਟਿੰਗਾਂ ਦਾ ਮਕਸਦ ਰੂਸ ਅਤੇ ਯੂਕਰੇਨ ਵੱਲੋਂ ਇਕ-ਦੂਜੇ ਦੇ ਮੁਲਕ ’ਤੇ ਊਰਜਾ ਤੇ ਸ਼ਹਿਰੀ ਟਿਕਾਣਿਆਂ ’ਤੇ ਹਮਲੇ ਰੋਕਣਾ ਹੈ। ਇਸ ਦੇ ਨਾਲ ਕਾਲੇ ਸਾਗਰ ’ਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਗੱਲਬਾਤ ਕੀਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋਵੇਂ ਮੁਲਕਾਂ ਦੇ ਮੁਖੀਆਂ ਨਾਲ ਫੋਨ ’ਤੇ ਗੱਲਬਾਤ ਮਗਰੋਂ ਯੂਕਰੇਨ ਅਤੇ ਰੂਸ ਸੀਮਤ ਜੰਗਬੰਦੀ ਲਈ ਸਿਧਾਂਤਕ ਤੌਰ ’ਤੇ ਰਾਜ਼ੀ ਹੋਏ ਸਨ।
ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ਼ ਨੇ ਆਸ ਜਤਾਈ ਕਿ ਸਾਊਦੀ ਅਰਬ ’ਚ ਗੱਲਬਾਤ ਦੇ ਕੁਝ ਸਿੱਟੇ ਜ਼ਰੂਰ ਨਿਕਲਣਗੇ। ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਵਾਰਤਾ ਤਕਨੀਕੀ ਪੱਧਰ ਦੀ ਵਧੇਰੇ ਸੀ ਕਿਉਂਕਿ ਮੀਟਿੰਗ ’ਚ ਮੁਲਕ ਦੇ ਫੌਜੀ, ਊਰਜਾ ਮੰਤਰਾਲੇ ਅਤੇ ਡਿਪਲੋਮੈਟਿਕ ਅਧਿਕਾਰੀ ਹਾਜ਼ਰ ਸਨ। ਜ਼ੇਲੈਂਸਕੀ ਨੇ ਵਾਰਤਾ ਸਾਰਥਿਕ ਹੋਣ ਦਾ ਦਾਅਵਾ ਕਰਦਿਆਂ ਆਸ ਜਤਾਈ ਕਿ ਇਸ ਦੇ ਪੁਖ਼ਤਾ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਜੰਗਬੰਦੀ ਲਈ ਭਾਵੇਂ ਜੋ ਮਰਜ਼ੀ ਚਰਚਾ ਹੋ ਰਹੀ ਹੋਵੇ ਪਰ ਪੂਤਿਨ ਨੂੰ ਹਮਲੇ ਰੋਕਣ ਦੇ ਹੁਕਮ ਜਾਰੀ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ। ਇਸ ਦੌਰਾਨ ਯੂਕਰੇਨੀ ਰੇਲਵੇਜ਼ ਦੀਆਂ ਆਨਲਾਈਨ ਸੇਵਾਵਾਂ ’ਤੇ ਐਤਵਾਰ ਨੂੰ ਸਾਈਬਰ ਹਮਲਾ ਹੋਇਆ ਅਤੇ ਸੇਵਾਵਾਂ ਬਹਾਲ ਕਰਨ ਲਈ ਸੋਮਵਾਰ ਸਵੇਰ ਤੱਕ ਯਤਨ ਜਾਰੀ ਸਨ। ਹਮਲੇ ਕਾਰਨ ਰੇਲਾਂ ਦੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਿਆ ਪਰ ਟਿਕਟਾਂ ਦੀ ਵਿਕਰੀ ਨਹੀਂ ਹੋ ਸਕੀ। ਉਧਰ ਰੂਸੀ ਫੌਜ ਨੇ ਐਤਵਾਰ ਰਾਤ ਨੂੰ ਯੂਕਰੇਨ ’ਤੇ 99 ਡਰੋਨਾਂ ਰਾਹੀਂ ਹਮਲੇ ਕੀਤੇ। -ਏਪੀ