ਮਿਆਂਮਾਰ ’ਚ ਭੂਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 1,600 ਤੋਂ ਟੱਪੀ
ਬੈਂਕਾਕ/ਨਵੀਂ ਦਿੱਲੀ, 29 ਮਾਰਚ
ਮਿਆਂਮਾਰ ’ਚ ਲੰਘੇ ਦਿਨ ਆਏ 7.7 ਸ਼ਿੱਦਤ ਵਾਲੇ ਭੂਚਾਲ ਕਾਰਨ ਨੁਕਸਾਨੀਆਂ ਇਮਾਰਤਾਂ ਦੇ ਮਲਬੇ ਹੇਠੋਂ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਗਿਣਤੀ ਅੱਜ 1600 ਤੋਂ ਟੱਪ ਗਈ ਹੈ। ਦੇਸ਼ ’ਚ ਫੌਜ ਦੀ ਅਗਵਾਈ ਵਾਲੀ ਸਰਕਾਰ ਨੇ ਬਿਆਨ ’ਚ ਕਿਹਾ ਕਿ ਭੂਚਾਲ ਕਾਰਨ ਹੁਣ ਤੱਕ 1,644 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3,406 ਜਣੇ ਜ਼ਖਮੀ ਹੋਏ ਹਨ ਜਦਕਿ 139 ਲਾਪਤਾ ਹਨ। ਬਿਆਨ ਮੁਤਾਬਕ ਮ੍ਰਿਤਕਾਂ ਦਾ ਅੰਕੜਾ ਵਧਣ ਦਾ ਖ਼ਦਸ਼ਾ ਹੈ ਤੇ ਭੂਚਾਲ ਨਾਲ ਸਬੰਧਤ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਮਿਲਟਰੀ ਦੀ ਅਗਵਾਈ ਵਾਲੀ ‘ਜੁੰਟਾ’ ਸਰਕਾਰ ਦੇ ਮੁਖੀ ਮਿਨ ਆਂਗ ਹਲੇਂਗ ਨਾਲ ਗੱਲ ਕਰਕੇ ਭੂਚਾਲ ਕਾਰਨ ਹੋਏ ਨੁਕਸਾਨ ਲਈ ਹਮਦਰਦੀ ਜਤਾਈ ਅਤੇ ਔਖੇ ਸਮੇ ’ਚ ਉਨ੍ਹਾਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਜਦਕਿ ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਮਿਆਂਮਾਰ ’ਚ ਭੂਚਾਲ ਕਾਰਨ ਮੌਤਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
ਬਰਮਾ ਦੇ ਨਾਮ ਨਾਲ ਮਸ਼ਹੂਰ ਮਿਆਂਮਾਰ ਲੰਮੇ ਸਮੇਂ ਤੋਂ ਖਾਨਾਜੰਗੀ ਨਾਲ ਜੂਝ ਰਿਹਾ ਹੈ। ਭੂਚਾਲ ਕਾਰਨ ਤਬਾਹੀ ਮਗਰੋਂ ਰਾਹਤ ਤੇ ਬਚਾਅ ਕਾਰਜਾਂ ’ਚ ਕਾਫ਼ੀ ਮੁਸ਼ਕਲ ਆ ਰਹੀ ਹੈ। ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਦੇ ਨੇੜੇ ਸੀ। ਭੂਚਾਲ ਕਾਰਨ ਕਈ ਇਲਾਕਿਆਂ ’ਚ ਇਮਾਰਤਾਂ ਤੇ ਸੜਕਾਂ ਨੁਕਸਾਨੀਆਂ ਗਈਆਂ ਜਦਕਿ ਇੱਕ ਬੰਨ੍ਹ ਟੁੱਟ ਗਿਆ। ਰਾਜਧਾਨੀ ਨੇਈਪੇਈਤਾ ਵਿੱਚ ਸੜਕਾਂ ਦੀ ਮੁਰੰਮਤ ਲਈ ਕਰਮਚਾਰੀ ਜੁਟੇ ਹੋਏ ਹਨ, ਜਦਕਿ ਸ਼ਹਿਰ ਦੇ ਬਾਕੀ ਹਿੱਸਿਆਂ ਬਿਜਲੀ ਫੋਨ ਤੇ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। -ਏਪੀ
ਥਾਈਲੈਂਡ ’ਚ 10 ਮੌਤਾਂ ਤੇ 26 ਜ਼ਖਮੀ; 78 ਲਾਪਤਾ
ਮਿਆਂਮਾਰ ਦੇ ਗੁਆਂਢੀ ਥਾਈਲੈਂਡ ’ਚ ਵੀ ਭੂਚਾਲ ਕਾਰਨ ਨੁਕਸਾਨ ਹੋਇਆ ਹੈ। ਬੈਂਕਾਕ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਮਗਰੋਂ ਹੁਣ ਤੱਕ ਛੇ ਲਾਸ਼ਾਂ ਮਿਲੀਆਂ ਹਨ ਜਦਕਿ 26 ਜਣੇ ਜ਼ਖਮੀ ਅਤੇ 78 ਲਾਪਤਾ ਹਨ। ਅਧਿਕਾਰੀਆਂ ਮੁਤਾਬਕ ਰਾਜਧਾਨੀ ਬੈਂਕਾਕ ਦੇ ਚਤੂਚਕ ਬਾਜ਼ਾਰ ਨੇ ਕਾਫੀ ਤਬਾਹੀ ਹੋਈ ਹੈ ਤੇ ਬਚਾਅ ਕਾਰਜਾਂ ਦੌਰਾਨ ਮਲਬਾ ਹਟਾਇਆ ਜਾ ਰਿਹਾ ਹੈ।
ਮਨੀਪੁਰ ਤੇ ਅਫ਼ਗਾਨਿਸਤਾਨ ’ਚ ਭੂਚਾਲ ਦੇ ਝਟਕੇ
ਇੰਫਾਲ/ਨਵੀਂ ਦਿੱਲੀ: ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿੱਚ ਅੱਜ ਬਾਅਦ ਦੁਪਹਿਰ 2.31 ਵਜੇ 3.8 ਸ਼ਿੱਦਤ ਵਾਲੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਫ਼ਗਾਨਿਸਤਾਨ ’ਚ ਅੱਜ ਤੜਕੇ ਚਾਰ ਤੋਂ ਵੱਧ ਸ਼ਿੱਦਤ ਵਾਲੇ ਭੂਚਾਲ ਦੇ ਦੋ ਝਟਕੇ ਲੱਗੇ। ਕੌਮੀ ਭੂਚਾਲ ਕੇਂਦਰ ਨੇ ਦੱਸਿਆ ਕਿ ਉੱਤਰੀ ਅਫ਼ਗਾਨਿਸਤਾਨ ’ਚ ਭੂਚਾਲ ਦੇ ਦੋ ਝਟਕੇ ਅੱਜ ਤੜਕੇ ਕ੍ਰਮਵਾਰ 4.51 ਵਜੇ ਅਤੇ 5.16 ਵਜੇ ਲੱਗੇ ਜਿਨ੍ਹਾਂ ਦੀ ਰਿਕਟਰ ਪੈਮਾਨੇ ’ਤੇ ਸ਼ਿੱਦਤ ਕ੍ਰਮਵਾਰ 4.3 ਅਤੇ 4.7 ਮਾਪੀ ਗਈ। -ਪੀਟੀਆਈ
ਭਾਰਤ ਨੇ ਮਿਆਂਮਾਰ ਨੂੰ ਰਾਹਤ ਸਮੱਗਰੀ ਤੇ ਐੱਨਡੀਆਰਐੱਫ ਟੀਮ ਭੇਜੀ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ ‘ਅਪਰੇਸ਼ਨ ਬ੍ਰਹਮਾ’ ਤਹਿਤ ਅੱਜ ਰਾਹਤ ਸਮੱਗਰੀ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਆਈਐੱਨਐੱਸ ਸਤਪੁਰਾ ਅਤੇ ਆਈਐੱਨਐੱਸ ਸਾਵਿਤਰੀ ਵਿੱਚ 40 ਟਨ ਸਮੱਗਰੀ ਯੰਗੂਨ ਬੰਦਰਗਾਹ ਵੱਲ ਭੇਜੀ ਗਈ ਹੈ। ਇਸ ਦੌਰਾਨ ਇੱਕ ਅਧਿਕਾਰੀ ਨੇ ਕਿਹਾ ਕਿ ‘ਅਪ੍ਰੇਸ਼ਨ ਬ੍ਰਹਮਾ’ ਰਾਹਤ ਤੇ ਬਚਾਅ ਕਾਰਜਾਂ ’ਚ ਮਦਦ ਲਈ ਐੱਨਡੀਆਰਐੱਫ ਦੇ 80 ਜਵਾਨਾਂ ਦੀ ਟੀਮ ਗਾਜ਼ੀਆਬਾਦ ਦੇ ਹਿੰਡਨ ਤੋਂ ਦੋ ਆਈਏਐੱਫ ਜਹਾਜ਼ਾਂ ਰਾਹੀਂ ਮਿਆਂਮਾਰ ਭੇਜੀ ਜਾ ਰਹੀ ਹੈ। -ਪੀਟੀਆਈ/ਏਐੱਨਆਈ