ਕਠੂਆ ਮੁਕਾਬਲਾ: ਨਵੇਂ ਇਲਾਕਿਆਂ ’ਚ ਅਤਿਵਾਦੀਆਂ ਦੀ ਭਾਲ ਸ਼ੁਰੂ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਮੁਕਾਬਲੇ ਵਾਲੀ ਥਾਂ ਤੋਂ ਚੌਥੇ ਸ਼ਹੀਦ ਪੁਲੀਸ ਕਰਮੀ ਤੇ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਜ ਨਵੇਂ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਜਗਬੀਰ ਸਿੰਘ ਦੀ ਲਾਸ਼ ਰਾਜਬਾਗ ਦੇ ਘਾਟੀ ਜੁਥਾਨਾ ਦੇ ਜੰਗਲ ਤੋਂ ਬਰਾਮਦ ਕੀਤੀ ਗਈ ਅਤੇ ਉਸ ਨੂੰ ਜੰਮੂ ਲਿਜਾਇਆ ਗਿਆ ਜਿੱਥੇ ਪੁਲੀਸ ਹੈੱਡਕੁਆਰਟਰ ਗੁਲਸ਼ਨ ਗਰਾਊਂਡ ਨੇੜੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋ ਪਾਕਿਸਤਾਨੀ ਅਤਿਵਾਦੀਆਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਜਥੇਬੰਦੀ ਨਾਲ ਸਬੰਧਤ ਹਨ। ਮੌਕੇ ਤੋਂ ਹਥਿਆਰ ਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਇਲਾਕੇ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਲੰਘੇ ਵੀਰਵਾਰ ਸ਼ੁਰੂ ਹੋਇਆ ਮੁਕਾਬਲਾ ਬੀਤੇ ਦਿਨ ਵੀ ਜਾਰੀ ਰਿਹਾ। ਇਸ ਮੁਕਾਬਲੇ ’ਚ ਕੁੱਲ ਚਾਰ ਪੁਲੀਸ ਕਰਮੀ ਸ਼ਹੀਦ ਹੋ ਗਏ ਤੇ ਹਾਲ ਹੀ ’ਚ ਘੁਸਪੈਠ ਕਰਨ ਵਾਲੇ ਦੋ ਅਤਿਵਾਦੀ ਮਾਰੇ ਗਏ ਜਦਕਿ ਅਤਿਵਾਦੀ ਸਮੂਹ ਦੇ ਹੋਰ ਮੈਂਬਰਾਂ ਦੀ ਭਾਲ ਲਈ ਅੱਜ ਤੀਜੇ ਦਿਨ ਵੀ ਮੁਹਿੰਮ ਜਾਰੀ ਰਹੀ। ਤਿੰਨ ਸ਼ਹੀਦ ਪੁਲੀਸ ਮੁਲਾਜ਼ਮਾਂ ਬਲਵਿੰਦਰ ਸਿੰਘ ਚਿਬ, ਜਸਵੰਤ ਸਿੰਘ ਤੇ ਤਾਰਿਕ ਅਹਿਮਦ ਨੂੰ ਡੀਜੀਪੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਲਾਈਨ ਕਠੂਆ ’ਚ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਇਸ ਮਗਰੋਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਭਾਲ ਲਈ ਮੁਹਿੰਮ ਬਲਾਵਰ ਹਾਈਟਸ ਸਮੇਤ ਨੇੜਲੇ ਇਲਾਕਿਆਂ ਤੱਕ ਵਧਾ ਦਿੱਤੀ ਗਈ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ, ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਅਤੇ ਪੁਲੀਸ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦ ਪੁਲੀਸ ਮੁਲਾਜ਼ਮ ਹੈੱਡ ਕਾਂਸਟੇਬਲ ਜਗਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ