ਨਾਗਪੁਰ ਹਿੰਸਾ ਦੇ ਮੁੱਖ ਮੁਲਜ਼ਮ ਦੇ ਘਰ ’ਤੇ ਬੁਲਡੋਜ਼ਰ ਚਲਾਇਆ
ਨਾਗਪੁਰ, 24 ਮਾਰਚ
ਨਗਰ ਨਿਗਮ ਅਧਿਕਾਰੀਆਂ ਨੇ 17 ਮਾਰਚ ਨੂੰ ਹੋਈ ਨਾਗਪੁਰ ਹਿੰਸਾ ਦੇ ਮੁੱਖ ਮੁਲਜ਼ਮ ਫਾਹੀਮ ਖ਼ਾਨ ਦੇ ਦੋ ਮੰਜ਼ਿਲਾ ਘਰ ਨੂੰ ਅੱਜ ‘ਨਾਜਾਇਜ਼’ ਕਰਾਰ ਦਿੰਦਿਆਂ ਢਾਹ ਦਿੱਤਾ। ਹਾਲਾਂਕਿ, ਬੰਬੇ ਹਾਈਕੋਰਟ ਨੇ ਪ੍ਰਸ਼ਾਸਨ ਦੀ ਇਸ ‘ਸਖ਼ਤ’ ਕਾਰਵਾਈ ਦੀ ਨਿਖੇਧੀ ਕਰਦਿਆਂ ਫਾਹੀਮ ਖ਼ਾਨ ਸਮੇਤ ਦੋ ਮੁਲਜ਼ਮਾਂ ਦੇ ਘਰ ਤੋੜੇ ਜਾਣ ’ਤੇ ਰੋਕ ਲਾ ਦਿੱਤੀ।
ਫਾਹੀਮ ਖ਼ਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਉਸ ਦੇ ਯਸ਼ੋਧਰਾ ਨਗਰ ਖੇਤਰ ਦੀ ਸੰਜੈ ਬਾਗ਼ ਕਲੋਨੀ ਸਥਿਤ ਘਰ ਨੂੰ ਅੱਜ ਸਵੇਰੇ ਕਰੀਬ ਸਾਢੇ 10 ਵਜੇ ਨਾਗਪੁਰ ਨਗਰ ਨਿਗਮ ਦੀਆਂ ਤਿੰਨ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਢਾਹੁਣਾ ਸ਼ੁਰੂ ਕੀਤਾ ਗਿਆ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ ਅਤੇ ਪੂਰੇ ਇਲਾਕੇ ’ਤੇ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਸੀ। ਨਾਲ ਹੀ ਮਹਿਲ ਇਲਾਕੇ, ਜਿੱਥੇ ਦੰਗੇ ਹੋਏ ਸਨ, ਵਿੱਚ ਇੱਕ ਹੋਰ ਮੁਲਜ਼ਮ ਯੂਸਫ਼ ਸ਼ੇਖ ਦੇ ਘਰ ਦੀ ਗ਼ੈਰ-ਕਾਨੂੰਨੀ ਬਾਲਕੋਨੀ ਨੂੰ ਢਾਹਿਆ ਗਿਆ।
ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਦਖ਼ਲ ਦਿੰਦਿਆਂ ਸਵੇਰੇ ਘਰਾਂ ਦੀ ਭੰਨ-ਤੋੜ ਸ਼ੁਰੂ ਹੋਣ ਤੋਂ ਕੁੱਝ ਘੰਟੇ ਬਾਅਦ ਹੀ ਕਾਰਵਾਈ ’ਤੇ ਰੋਕ ਲਾ ਦਿੱਤੀ ਅਤੇ ਪ੍ਰਸ਼ਾਸਨ ਦੀ ‘ਸਖ਼ਤੀ’ ਦੀ ਆਲੋਚਨਾ ਕੀਤੀ। ਫਾਹੀਮ ਖਾਨ ਦਾ ਦੋ ਮੰਜ਼ਿਲਾ ਘਰ ਅਦਾਲਤ ਦੇ ਹੁਕਮਾਂ ਤੋਂ ਪਹਿਲਾਂ ਹੀ ਢਾਹ ਦਿੱਤਾ ਸੀ, ਜਦਕਿ ਯੂਸਫ਼ ਸ਼ੇਖ ਦੇ ਘਰ ਦੀ ਭੰਨ-ਤੋੜ ਦੀ ਕਾਰਵਾਈ ਅਦਾਲਤੀ ਹੁਕਮਾਂ ਮਗਰੋਂ ਰੋਕ ਦਿੱਤੀ ਗਈ। ਦੋਵਾਂ ਮੁਲਜ਼ਮਾਂ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ਛੇਤੀ ਸੁਣਵਾਈ ਦੀ ਬੇਨਤੀ ਕੀਤੀ ਸੀ। ਜਸਟਿਸ ਨਿਤਿਨ ਸਾਂਬਰੇ ਅਤੇ ਜਸਟਿਸ ਵਰੁਸ਼ਾਲੀ ਜੋਸ਼ੀ ਦੀ ਡਿਵੀਜ਼ਨ ਬੈਂਚ ਨੇ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਬੈਂਚ ਨੇ ਸਵਾਲ ਕੀਤਾ ਕਿ ਕਥਿਤ ਨਾਜਾਇਜ਼ ਹਿੱਸਿਆਂ ਨੂੰ ਢਾਹੁਣ ਤੋਂ ਪਹਿਲਾਂ ਮਕਾਨ ਮਾਲਕਾਂ ਦੀ ਗੱਲ ਕਿਉਂ ਨਹੀਂ ਸੁਣੀ ਗਈ। ਬੈਂਚ ਨੇ ਕਿਹਾ ਕਿ ਇਹ ਕਾਰਵਾਈ ਜਾਇਦਾਦ ਮਾਲਕਾਂ ਦੀ ਗੱਲ ਸੁਣੇ ਬਿਨਾਂ ਹੀ ਦਮਨਕਾਰੀ ਢੰਗ ਨਾਲ ਕੀਤੀ ਗਈ ਹੈ। -ਪੀਟੀਆਈ
ਮਾਮਲੇ ਦੀ ਸੁਣਵਾਈ 15 ਅਪਰੈਲ ਨੂੰ
ਫਾਹੀਮ ਖ਼ਾਨ ਵੱਲੋਂ ਪੇਸ਼ ਹੋਏ ਵਕੀਲ ਅਸ਼ਿਵਨ ਇੰਗੋਲੇ ਨੇ ਕਿਹਾ ਕਿ ਅਦਾਲਤ ਨੇ ਸਰਕਾਰ ਅਤੇ ਨਗਰ ਨਿਗਮ ਅਧਿਕਾਰੀਆਂ ਤੋਂ ਭੰਨ-ਤੋੜ ਦੀ ਕਾਰਵਾਈ ਸਬੰਧੀ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 15 ਅਪਰੈਲ ’ਤੇ ਪਾ ਦਿੱਤੀ ਹੈ। ਇੰਗੋਲੇ ਮੁਤਾਬਕ ਬੈਂਚ ਨੇ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਮੁਲਜ਼ਮਾਂ ਦੇ ਘਰ ਗ਼ਲਤ ਢੰਗ ਨਾਲ ਢਾਹੇ ਗਏ ਹਨ ਤਾਂ ਅਧਿਕਾਰੀਆਂ ਤੋਂ ਇਸ ਨੁਕਸਾਨ ਦੀ ਵਸੂਲੀ ਕੀਤੀ ਜਾਵੇਗੀ।