ਰਿਸ਼ਵਤਖੋਰੀ ਮਾਮਲਾ: ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਨੂੰ 7 ਸਾਲ ਦੀ ਕੈਦ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਾਰਚ
ਇੱਥੋਂ ਦੇ ਸੈਕਟਰ-43 ਵਿੱਚ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਦੇ ਸਾਬਕਾ ਡੀਐੱਸਪੀ ਰਾਮ ਚੰਦਰ ਮੀਨਾ ਨੂੰ 7 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਕੀਤੀ ਹੈ। ਜਦੋਂ ਕਿ ਇਸੇ ਮਾਮਲੇ ਵਿੱਚ ਸ਼ਾਮਲ ਅਮਨ ਗਰੋਵਰ ਨੂੰ 4 ਸਾਲ ਦੀ ਕੈਦ ਤੇ 20 ਹਜ਼ਾ ਰੁਪਏ ਜੁਰਮਾਨਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਨੇ 12 ਅਗਸਤ 2015 ਨੂੰ ਟਰੈਪ ਲਗਾ ਨੇ ਇਕਨਾਮਿਕ ਸੈੱਲ ਦੇ ਐੱਸਆਈ ਸੁਰਿੰਦਰ ਤੇ ਸੰਜੈ ਦਹੂਜਾ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਡੀਐੱਸਪੀ ਰਾਮ ਚੰਦਰ ਮੀਨਾ ਤੇ ਅਮਨ ਗਰੋਵਰ ਵੀ ਸ਼ਾਮਲ ਪਾਏ ਗਏ ਅਤੇ ਸੀਬੀਆਈ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕੀਤੀ।
ਜ਼ਿਕਰਯੋਗ ਹੈ ਕਿ ਅਮਨ ਗਰੋਵਰ ਦੀ ਸੱਸ ਨੇ ਦੀਪਾ ਦੁੱਗਲ ਨੇ 12 ਦਸੰਬਰ 2014 ਨੂੰ ਇਕ ਪ੍ਰਾਪਰਟੀ ਵਿਵਾਦ ਦੇ ਚਲਦਿਆਂ ਗੁਰਕਿਰਪਾਲ ਸਿੰਘ, ਜਗਜੀਤ ਕੌਰ ਤੇ ਹਰਮੀਤ ਸਿੰਘ ਵਿਰੁੱਧ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਸੀ। ਅਮਨ ਗਰੋਵਰ ਨੇ ਉਕਤ ਮਾਮਲੇ ਵਿੱਚ ਸਮਝੌਤਾ ਕਰਵਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ ਅਤੇ ਸਮਝੌਤਾ 70 ਲੱਖ ਰੁਪਏ ਹੋ ਗਿਆ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਸੀਬੀਆਈ ਨੇ ਟਰੈਪ ਲਗਾ ਕੇ ਇਕਨਾਮਿਕ ਸੈੱਲ ਦੇ ਐੱਸਆਈ ਸੁਰਿੰਦਰ ਤੇ ਸੰਜੈ ਦਹੂਜਾ ਨੂੰ 40 ਲੱਖ ਰੁਪਏ ਰਿਸ਼ਵਤ ਲੈਂਦਿਆ ਕਾਬੂ ਕਰ ਲਿਆ ਸੀ। ਇਸ ਮਾਮਲੇ ਵਿੱਚ ਸੁਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੰਜੈ ਦਹੂਜਾ ਨੂੰ ਸੀਬੀਆਈ ਨੇ ਸਰਕਾਰੀ ਗਵਾਹ ਬਣਾ ਲਿਆ ਸੀ। ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 10 ਸਾਲ ਪੁਰਾਣੇ ਮਾਮਲੇ ਵਿੱਚ ਸਾਬਕਾ ਡੀਐੱਸਪੀ ਸਣੇ ਦੋ ਨੂੰ ਸਜਾ ਸੁਣਾ ਦਿੱਤੀ ਹੈ।