ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਬਿਜਲੀ ਸਸਤੀ: ਹਰਭਜਨ ਸਿੰਘ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਾਰਚ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਖੁਲਾਸਾ ਕੀਤਾ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋ ਜੋ ਟੈਰਿਫ ਨਿਰਧਾਰਤ ਕੀਤੇ ਗਏ ਹਨ, ਉਨ੍ਹਾਂ ਨਾਲ ਬਿਜਲੀ ਸਸਤੀ ਹੋਈ ਹੈ, ਜਿਸ ਦਾ ਲਾਭ ਸਮੁੱਚੇ ਪੰਜਾਬੀਆਂ ਨੂੰ ਮਿਲੇਗਾ। ਬੀਤੇ ਦਿਨ ਕਮਿਸ਼ਨ ਵੱਲੋਂ ਲਏ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਬਿਜਲੀ ਮੰਤਰੀ ਨੇ ਦੱਸਿਆ ਕਿ ਰੈਗੂਲੇਟਰੀ ਕਮਿਸ਼ਨ ਦੇ ਫ਼ੈਸਲੇ ਨਾਲ ਕਿਸੇ ਵੀ ਵਰਗ ਦੇ ਖ਼ਪਤਕਾਰਾਂ ਦੇ ਸਥਿਰ ਖ਼ਰਚਿਆਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ, ਬਲਕਿ ਅੱਗੇ ਨਾਲੋਂ ਘੱਟ ਬਿਲ ਆਵੇਗਾ।ਉਨ੍ਹਾਂ ਦੱਸਿਆ ਕਿ ਡੀਐੱਸ ਅਤੇ ਐੱਨਆਰਐੱਸ ਦੇ ਮਾਮਲੇ ਵਿੱਚ ਖ਼ਪਤਕਾਰ ਸ਼੍ਰੇਣੀ ਵਿੱਚ ਮੌਜੂਦਾ ਤਿੰਨ ਸਲੈਬਾਂ ਨੂੰ ਮਿਲਾ ਕੇ ਖ਼ਪਤਕਾਰਾਂ ’ਤੇ ਬਿਨਾਂ ਕਿਸੇ ਵਾਧੂ ਵਿੱਤੀ ਬੋਝ ਦੇ ਹੁਣ ਸਿਰਫ਼ ਦੋ ਸਲੈਬ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 300 ਯੂਨਿਟਾਂ ਤੋਂ ਵੱਧ ਵਾਲੇ ਡੀਐੱਸ ਖ਼ਪਤਕਾਰ ਦੋ ਕਿਲੋਵਾਟ ਤੱਕ ਦੇ ਲੋਡ ਲਈ ਲਗਪਗ 160 ਰੁਪਏ, ਮਹੀਨਾ, ਦੋ ਕਿਲੋਵਾਟ ਤੋਂ ਵੱਧ ਅਤੇ ਸੱਤ ਕਿਲੋਵਾਟ ਤੱਕ ਦੇ ਲੋਡ ਲਈ 90 ਰੁਪਏ, ਮਹੀਨਾ ਤੇ ਸੱਤ ਕਿਲੋਵਾਟ ਤੋਂ ਵੱਧ ਅਤੇ 20 ਕਿਲੋਵਾਟ ਤੱਕ ਦੇ ਲੋਡ ਲਈ 32 ਰੁਪਏ, ਮਹੀਨਾ ਘੱਟ ਚਾਰਜ ਅਦਾ ਕਰਨਗੇ। ਇਸੇ ਤਰ੍ਹਾਂ ਐੱਨਆਰਐੱਸ ਖ਼ਪਤਕਾਰਾਂ ਲਈ 20 ਕਿਲੋਵਾਟ ਤੱਕ ਦੇ ਲੋਡ ਲਈ 500 ਯੂਨਿਟ ਤੱਕ ਦੀ ਖ਼ਪਤ ਲਈ ਵੇਰੀਏਬਲ ਚਾਰਜਾਂ ਵਿੱਚ ਦੋ ਪੈਸੇ, ਯੂਨਿਟ ਦੀ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ 500 ਯੂਨਿਟਾਂ ਤੱਕ ਦੀ ਖ਼ਪਤ ਕਰਨ ਵਾਲੇ ਐੱਨਆਰਐੱਸ ਖ਼ਪਤਕਾਰਾਂ ਲਈ, ਬਿੱਲ ਚਾਰਜ ਲਗਪਗ 110 ਰੁਪਏ, ਮਹੀਨਾ ਘੱਟ ਹੋਣਗੇ।