ਭਾਰਤ ਤੇ ਅਮਰੀਕਾ ਵੱਲੋਂ ਵਪਾਰ ਅੜਿੱਕੇ ਘਟਾਉਣ ਬਾਰੇ ਚਰਚਾ
ਵਾਸ਼ਿੰਗਟਨ, 29 ਮਾਰਚ
ਅਮਰੀਕਾ ਵੱਲੋਂ ਭਾਰਤ ’ਤੇ 2 ਅਪਰੈਲ ਤੋਂ ਜਵਾਬੀ ਟੈਕਸ ਲਾਏ ਜਾਣ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਕਾਰ ਵਪਾਰ ਅੜਿੱਕਿਆਂ ਨੂੰ ਘਟਾਉਣ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੌ ਨਾਲ ਫੋਨ ’ਤੇ ਗੱਲਬਾਤ ਕਰਕੇ ਦੁਵੱਲੇ ਵਪਾਰ ਸਬੰਧ ਸੁਖਾਵੇਂ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਉਨ੍ਹਾਂ ਰੱਖਿਆ ਤੇ ਤਕਨਾਲੋਜੀ ’ਚ ਸਹਿਯੋਗ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਵੀ ਲਿਆ। ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਟੈਮੀ ਬਰੂਸ ਨੇ ਕਿਹਾ ਕਿ ਲੈਂਡੌ ਨੇ ਗ਼ੈਰਕਾਨੂੰਨੀ ਇਮੀਗਰੇਸ਼ਨ ਦਾ ਮਸਲਾ ਹੱਲ ਕਰਨ ’ਚ ਅਮਰੀਕਾ ਨੂੰ ਸਹਿਯੋਗ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੈਂਡੌ ਨੇ ਮਿਸਰੀ ਨੂੰ ਕਿਹਾ ਹੈ ਕਿ ਭਾਰਤ ਇਮੀਗਰੇਸ਼ਨ ਮੁੱਦੇ ’ਤੇ ਅਮਰੀਕਾ ਨੂੰ ਸਹਿਯੋਗ ਦੇਣਾ ਜਾਰੀ ਰੱਖੇ। ਟੈਮੀ ਨੇ ਕਿਹਾ, ‘‘ਦੋਹਾਂ ਨੇ ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਚਰਚਾ ਕੀਤੀ।’’ ਮਿਸਰੀ ਨੇ ਲੈਂਡੌ ਨੂੰ ਅਮਰੀਕੀ ਸੈਨੇਟ ਤੋਂ ਪ੍ਰਵਾਨਗੀ ਮਿਲਣ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਭਾਰਤ ਆਉਣ ਦਾ ਵੀ ਸੱਦਾ ਦਿੱਤਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਿਸਰੀ ਨੇ ਭਾਰਤ-ਅਮਰੀਕਾ ਰਣਨੀਤਕ ਹਿੱਤਾਂ ’ਚ ਵਧ ਰਹੇ ਸਹਿਯੋਗ ਅਤੇ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਨੇ ਵਧ ਰਹੇ ਦੁਵੱਲੇ ਵਪਾਰ, ਰੱਖਿਆ ਤੇ ਤਕਨਾਲੋਜੀ ਸਹਿਯੋਗ ਅਤੇ ਪਰਵਾਸ ਨਾਲ ਸਬੰਧਤ ਮੁੱਦਿਆਂ ’ਤੇ ਵੀ ਗੱਲਬਾਤ ਕੀਤੀ। ਦੋਵੇਂ ਧਿਰਾਂ ਨੇ ਆਪਸੀ ਸਬੰਧਾਂ ਵਾਲੇ ਮਾਮਲਿਆਂ ’ਤੇ ਲਗਾਤਾਰ ਸੰਪਰਕ ਬਣਾ ਕੇ ਰੱਖਣ ’ਤੇ ਵੀ ਸਹਿਮਤੀ ਪ੍ਰਗਟਾਈ। -ਏਐੱਨਆਈ
ਅਮਰੀਕੀ ਅੰਬੈਸੀ ਨੇ ਦੋ ਹਜ਼ਾਰ ਵੀਜ਼ਾ ਅਪਾਇੰਟਮੈਂਟਸ ਰੱਦ ਕੀਤੀਆਂ
ਗ਼ੈਰਕਾਨੂੰਨੀ ਇਮੀਗਰੇਸ਼ਨ ਅਤੇ ਅਮਰੀਕਾ ਵੀਜ਼ਾ ਨੀਤੀ ਦੀ ਉਲੰਘਣਾ ਕਰਨ ਵਾਲੇ ਟਰੈਵਲ ਏਜੰਟਾਂ ਨਾਲ ਸਿੱਝਣ ਲਈ ਭਾਰਤ ’ਚ ਅਮਰੀਕੀ ਅੰਬੈਸੀ ਨੇ ਹਾਲ ’ਚ ਹੀ ਬੋਟਸ ਵੱਲੋਂ ਦਿੱਤੇ ਗਏ ਕਰੀਬ 2 ਹਜ਼ਾਰ ਵੀਜ਼ਾ ਅਪਾਇੰਟਮੈਂਟਸ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਅੰਬੈਸੀ ਨੇ ਬੁੱਧਵਾਰ ਨੂੰ ਵੀਜ਼ਾ ਪ੍ਰੋਗਰਾਮ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਏਜੰਟਾਂ ਅਤੇ ਫਿਕਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਅਹਿਦ ਦੁਹਰਾਇਆ।
ਟਰੰਪ ਵੱਲੋਂ ਮੋਦੀ ‘ਸਮਾਰਟ ਵਿਅਕਤੀ’ ਕਰਾਰ
ਨਿਊਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਬਹੁਤ ਹੀ ਸਮਾਰਟ ਵਿਅਕਤੀ’ ਕਰਾਰ ਦਿੰਦਿਆਂ ਉਨ੍ਹਾਂ ਨੂੰ ‘ਆਪਣਾ ਚੰਗਾ ਦੋਸਤ’ ਦੱਸਿਆ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਟੈਕਸਾਂ ਦਾ ਮਾਮਲਾ ਛੇਤੀ ਹੱਲ ਹੋ ਜਾਵੇਗਾ। ਇਹ ਟਿੱਪਣੀਆਂ ਮਹੱਤਵਪੂਰਨ ਮੰਨੀਆਂ ਜਾ ਜਾਰੀਆਂ ਹਨ ਕਿਉਂਕਿ ਟਰੰਪ ਨੇ ਭਾਰਤ ਅਤੇ ਹੋਰ ਮੁਲਕਾਂ ਵੱਲੋਂ ਅਮਰੀਕੀ ਵਸਤਾਂ ’ਤੇ ਲਗਾਏ ਜਾਂਦੇ ਵਾਧੂ ਟੈਕਸਾਂ ਦੀ ਵਾਰ-ਵਾਰ ਆਲੋਚਨਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿੱਚ ਇੱਥੇ ਆਏ ਸਨ ਅਤੇ ਅਸੀਂ ਦੋਵੇਂ ਹਮੇਸ਼ਾ ਬਹੁਤ ਚੰਗੇ ਦੋਸਤ ਰਹੇ ਹਾਂ।’’ ਟਰੰਪ ਨੇ ਕਿਹਾ, “ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਕਸ ਵਸੂਲਣ ਵਾਲੇ ਮੁਲਕਾਂ ਵਿੱਚੋਂ ਇਕ ਹੈ, ਇਹ ਬੇਰਹਿਮੀ ਹੈ। ਉਹ (ਮੋਦੀ) ਬਹੁਤ ਹੀ ਸਮਾਰਟ ਵਿਅਕਤੀ ਹਨ ਅਤੇ ਮੇਰੇ ਬਹੁਤ ਚੰਗੇ ਦੋਸਤ ਹਨ। ਅਸੀਂ ਬਹੁਤ ਵਧੀਆ ਗੱਲਬਾਤ ਕੀਤੀ ਹੈ। ਇਹ ਭਾਰਤ ਅਤੇ ਸਾਡੇ ਮੁਲਕ ਵਿਚਕਾਰ ਬਹੁਤ ਵਧੀਆ ਢੰਗ ਨਾਲ ਕੰਮ ਕਰਨ ਜਾ ਰਿਹਾ ਹੈ। ਮੈਂ ਇਹ ਆਖਣਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਬਹੁਤ ਵਧੀਆ ਪ੍ਰਧਾਨ ਮੰਤਰੀ ਹੈ।’’ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ ਅਤੇ ਦੁਹਰਾਇਆ ਸੀ ਕਿ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਵਾਲੇ ਦੇਸ਼ਾਂ ’ਤੇ ਜਵਾਬੀ ਟੈਕਸ 2 ਅਪਰੈਲ ਤੋਂ ਲਾਏ ਜਾਣਗੇ। -ਪੀਟੀਆਈ
ਗ਼ੈਰਕਾਨੂੰਨੀ ਪਰਵਾਸੀਆਂ ਨੂੰ ਤੀਜੇ ਮੁਲਕ ਭੇਜਣ ’ਤੇ ਰੋਕ
ਵਾਸ਼ਿੰਗਟਨ: ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਕਿਸੇ ਤੀਜੇ ਮੁਲਕ ’ਚ ਡਿਪੋਰਟ ਕਰਨ ਦੇ ਹੁਕਮਾਂ ਉਪਰ ਆਰਜ਼ੀ ਤੌਰ ’ਤੇ ਰੋਕ ਲਗਾ ਦਿੱਤੀ ਹੈ। ਅਮਰੀਕੀ ਜ਼ਿਲ੍ਹਾ ਜੱਜ ਬ੍ਰਾਇਨ ਈ ਮਰਫ਼ੀ ਨੇ ਫ਼ੈਸਲਾ ਸੁਣਾਇਆ ਕਿ ਮੁਲਕ ’ਚੋਂ ਕੱਢੇ ਜਾਣ ਵਾਲੇ ਲੋਕਾਂ ਨੂੰ ਇਹ ਦਲੀਲ ਦੇਣ ਲਈ ਇਕ ‘ਅਰਥ ਭਰਪੂਰ ਮੌਕਾ’ ਦਿੱਤਾ ਜਾਣਾ ਚਾਹੀਦਾ ਹੈ ਕਿ ਤੀਜੇ ਮੁਲਕ ’ਚ ਭੇਜੇ ਜਾਣ ’ਤੇ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਜੱਜ ਦਾ ਇਹ ਹੁਕਮ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਇਸ ਮਾਮਲੇ ਦੀ ਬਹਿਸ ਅਗਲੇ ਪੜਾਅ ਤੱਕ ਨਹੀਂ ਪਹੁੰਚ ਜਾਂਦੀ। ਅਮਰੀਕੀ ਅਦਾਲਤ ਦਾ ਇਹ ਫ਼ੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਿਸ ਨੇ ਲੋਕਾਂ ਨੂੰ ਪਨਾਮਾ, ਕੋਸਟਾਰਿਕਾ ਅਤੇ ਅਲ ਸਾਲਵਾਡੋਰ ਜਿਹੇ ਮੁਲਕਾਂ ’ਚ ਭੇਜਿਆ ਹੈ ਜਦਕਿ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਮੁਲਕ ’ਚ ਭੇਜਣਾ ਮੁਸ਼ਕਲ ਹੈ। ਹੋਮਲੈਂਡ ਸੁਰੱਖਿਆ ਵਿਭਾਗ ਨੇ ਤੁਰੰਤ ਇਸ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਪਰ ਅਟਾਰਨੀਆਂ ਨੇ ਦਲੀਲ ਦਿੱਤੀ ਹੈ ਕਿ ਆਰਜ਼ੀ ਰੋਕ ਨਾਲ ਇਮੀਗਰੇਸ਼ਨ ਐੱਨਫੋਰਸਮੈਂਟ ’ਚ ਅੜਿੱਕਾ ਪਵੇਗਾ। ਜੱਜ ਮਰਫ਼ੀ ਨੂੰ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੈਸ਼ਨਲ ਇਮੀਗਰੇਸ਼ਨ ਲਿਟੀਗੇਸ਼ਨ ਐਲਾਇੰਸ ਸਮੇਤ ਕਈ ਜਥੇਬੰਦੀਆਂ ਦਾ ਪੱਖ ਪੂਰਿਆ ਹੈ ਜਿਨ੍ਹਾਂ ਐਤਵਾਰ ਨੂੰ ਬੋਸਟਨ ’ਚ ਤੀਜੇ ਮੁਲਕਾਂ ’ਚ ਭੇਜੇ ਗਏ ਲੋਕਾਂ ਤਰਫ਼ੋਂ ਕੇਸ ਕੀਤਾ ਸੀ। -ਏਪੀ