ਅਠਾਵਲੇ ਵੱਲੋਂ ਨਿਤੀਸ਼ ਕੁਮਾਰ ਨਾਲ ਮੁਲਾਕਾਤ
ਪਟਨਾ, 29 ਮਾਰਚ
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁਖੀ ਅਠਾਵਲੇ ਨੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਸੁਪਰੀਮੋ ਨਾਲ ਪਟਨਾ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਅਠਾਵਲੇ ਨੇ ਇਸ ਦੌਰਾਨ ਮਹਾਬੋਧੀ ਮੰਦਰ ਕੰਪਲੈਕਸ ਨੂੰ ਕੰਟਰੋਲ ਕਰਨ ਵਾਲੇ ਟਰੱਸਟ ’ਤੇ ਬੋਧੀਆਂ ਨੂੰ ਪੂਰਾ ਕੰਟਰੋਲ ਨਾ ਦੇਣ ਦਾ ਮੁੱਦਾ ਉਠਾਇਆ ਹੈ। ਅਠਾਵਲੇ ਨੇ ਬੀਤੇ ਦਿਨ ਬੋਧਗਯਾ ਦਾ ਦੌਰਾ ਕੀਤਾ ਸੀ।
ਦਲਿਤ ਆਗੂ ਨੇ ਐੱਕਸ ’ਤੇ ਮਰਾਠੀ ਵਿੱਚ ਪਾਈਆਂ ਕਈ ਪੋਸਟਾਂ ਵਿੱਚ ਮਹਾਬੋਧੀ ਮੰਦਰ ਐਕਟ ਨੂੰ ਰੱਦ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ। ਗ਼ੌਰਤਲਬ ਹੈ ਕਿ ਇਸ ਐਕਟ ਵਿਚ ਵਿਵਸਥਾ ਹੈ ਕਿ ਮੰਦਰ ਟਰੱਸਟ ਵਿੱਚ ਹਿੰਦੂ ਅਤੇ ਬੋਧੀ ਭਾਈਚਾਰਿਆਂ ਦੇ ਚਾਰ-ਚਾਰ ਮੈਂਬਰ ਹੋਣਗੇ ਅਤੇ ਇਸ ਤੋਂ ਇਲਾਵਾ ਗਯਾ ਦਾ ਜ਼ਿਲ੍ਹਾ ਮੈਜਿਸਟ੍ਰੇਟ (ਜੋ ਆਮ ਤੌਰ ’ਤੇ ਬੋਧੀ ਨਹੀਂ ਹੁੰਦਾ) ਅਹੁਦੇ ਵਜੋਂ ਟਰੱਸਟ ਦਾ ਚੇਅਰਪਰਸਨ ਹੋਵੇਗਾ।
ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਨੇ ਬੋਧੀ ਭਿਕਸ਼ੂਆਂ ਨਾਲ ਮੁਲਾਕਾਤ ਕੀਤੀ ਸੀ, ਜੋ ਇਸ ਮੁੱਦੇ ’ਤੇ ਅੰਦੋਲਨ ਕਰ ਰਹੇ ਸਨ ਅਤੇ ਉਨ੍ਹਾਂ ਨੇ ‘ਮਹਾਬੋਧੀ ਮੰਦਰ ਟਰੱਸਟ ਦੀ ਆਜ਼ਾਦੀ’ ਲਈ ਉਨ੍ਹਾਂ ਦੀ ਲੜਾਈ ਦੇ ਸਮਰਥਨ ਦਾ ਵਾਅਦਾ ਕੀਤਾ ਸੀ। ਮਹਾਬੋਧੀ ਮੰਦਰ ਕੰਪਲੈਕਸ ਇੱਕ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਉਤੇ ਹੀ ਮਹਾਤਮਾ ਬੁੱਧ ਨੂੰ ਕਰੀਬ 2500 ਸਾਲ ਪਹਿਲਾਂ ਗਿਆਨ ਦੀ ਪ੍ਰਾਪਤੀ ਹੋਈ ਸੀ। -ਪੀਟੀਆਈ