ਸੀਬੀਐੱਸਈ 12ਵੀਂ ਦੀ ਪ੍ਰੀਖਿਆ ’ਚ ਕੈਲਕੁਲੇਟਰ ਵਰਤਣ ਦੀ ਇਜਾਜ਼ਤ ਦੇਣ ’ਤੇ ਕਰ ਰਿਹੈ ਵਿਚਾਰ
ਨਵੀਂ ਦਿੱਲੀ, 24 ਮਾਰਚ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) 12ਵੀਂ ਜਮਾਤ ਦੀ ‘ਅਕਾਊਂਟਸ’ ਦੀ ਪ੍ਰੀਖਿਆ ਵਿੱਚ ਆਮ ਕੈਲਕੁਲੇਟਰਾਂ ਦੀ ਵਰਤੋਂ ਦੀ ਆਗਿਆ ਦੇਣ ਦੇ ਪ੍ਰਸਤਾਵ ’ਤੇ ਵਿਚਾਰ ਕਰ ਰਿਹਾ ਹੈ। ਬੋਰਡ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਕਸਾਰਤਾ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ। ਸੀਬੀਐੱਸਈ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ 10ਵੀਂ ਅਤੇ 12ਵੀਂ ਜਮਾਤਾਂ ਵਿੱਚ ‘ਕੈਲਕੂਲੇਟਰ’ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ। ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐੱਸਈਸੀ) ਨੇ 2021 ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੈਲਕੁਲੇਟਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਬੋਰਡ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਬੋਰਡ ਦੀ ਪਾਠਕ੍ਰਮ ਕਮੇਟੀ ਨੇ ਪ੍ਰਸਤਾਵ ਦਿੱਤਾ ਸੀ ਕਿ 12ਵੀਂ ਜਮਾਤ ਦੀ ‘ਅਕਾਊਂਟਸ’ ਦੀ ਪ੍ਰੀਖਿਆ ਵਿੱਚ ਆਮ ਕੈਲਕੁਲੇਟਰ ਦੀ ਇਜਾਜ਼ਤ ਦਿੱਤੀ ਜਾਵੇ, ਜੋ ਸਿਰਫ ਜੋੜ, ਘਟਾਓ, ਗੁਣਾ ਅਤੇ ਭਾਗ ਵਰਗੇ ਆਮ ਹਿਸਾਬ ਤੱਕ ਹੀ ਸੀਮਿਤ ਹੋਵੇ।’ -ਪੀਟੀਆਈ