GRAP order lifted in Delhi-NCR: ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ; ਗਰੈਪ-1 ਦੀਆਂ ਪਾਬੰਦੀਆਂ ਹਟਾਈਆਂ
ਨਵੀਂ ਦਿੱਲੀ, 29 ਮਾਰਚ
ਕੌਮੀ ਰਾਜਧਾਨੀ ਦਾ ਏਅਰ ਕੁਆਲਿਟੀ ਇੰਡੈਕਸ ਅੱਜ 153 ਦਰਜ ਕੀਤਾ ਗਿਆ। ਹਵਾ ਦੀ ਗੁਣਵੱਤਾ ਵਿਚ ਸੁਧਾਰ ਤੋਂ ਬਾਅਦ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਦਿੱਲੀ-ਐਨਸੀਆਰ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਪੜਾਅ-1 ਦੀਆਂ ਪਾਬੰਦੀਆਂ ਹਟਾ ਲਈਆਂ ਹਨ। ਦਿੱਲੀ ਤੇ ਲਾਗਲੇ ਖੇਤਰਾਂ ਵਿਚ ਇਸ ਸਾਲ 24 ਮਾਰਚ ਦੇ ਆਦੇਸ਼ ਅਨੁਸਾਰ ਗਰੈਪ ਦਾ ਪੜਾਅ I ਲਾਗੂ ਹੈ। ਸੀਏਕਿਊਐਮ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿੱਚ ਮੌਸਮ ਸਾਫ ਹੋਣ ਤੋਂ ਬਾਅਦ ਹਵਾ ਦੀ ਗੁਣਵਤਾ ਵਿਚ ਸੁਧਾਰ ਹੋਇਆ ਹੈ।
ਜ਼ਿਕਰਯੋਗ ਹੈ ਕਿ ਨਵੰਬਰ ਦੌਰਾਨ ਦੇਸ਼ ਭਰ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਦਿੱਲੀ ਸਭ ਤੋਂ ਉਤੇ ਸੀ ਜਿੱਥੇ ਔਸਤ ਪੀਐਮ 2.5 ਦਾ ਪੱਧਰ 243.3 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤਾ ਗਿਆ ਸੀ। ਇਹ ਖੁਲਾਸਾ ਰੈਸਪਾਇਰਰ ਲਿਵਿੰਗ ਸਾਇੰਸਿਜ਼ ਦੀ ਏਅਰ ਕੁਆਲਿਟੀ ਐਨਾਲਾਇਸਿਸ ਰਿਪੋਰਟ ਤੋਂ ਹੋਇਆ ਸੀ ਜਿਸ ਅਨੁਸਾਰ ਹਫ਼ਤੇ-ਦਰ-ਹਫ਼ਤੇ ਦਰਮਿਆਨ ਪ੍ਰਦੂਸ਼ਣ ਵਿੱਚ 19.5 ਫੀਸਦੀ ਵਾਧਾ ਹੋਇਆ। ਇਸ ਰਿਪੋਰਟ ਅਨੁਸਾਰ 3 ਤੋਂ 16 ਨਵੰਬਰ ਤੱਕ 281 ਭਾਰਤੀ ਸ਼ਹਿਰਾਂ ਵਿਚਲੇ ਪ੍ਰਦੂਸ਼ਣ ਦਾ ਮੁਲਾਂਕਣ ਕੀਤਾ ਗਿਆ ਸੀ ਜਿਸ ਵਿਚ ਦਿੱਲੀ 281ਵੇਂ ਸਥਾਨ ’ਤੇ ਰਹਿ ਕੇ ਆਖਰੀ ਸਥਾਨ ’ਤੇ ਸੀ।