ਪੀਯੂ ’ਚ ਵਿਦਿਆਰਥੀ ਦੇ ਕਤਲ ਤੋਂ ਬਾਅਦ ਹੰਗਾਮਾ
ਕੁਲਦੀਪ ਸਿੰਘ
ਚੰਡੀਗੜ੍ਹ, 29 ਮਾਰਚ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਵਿੱਚ 28 ਮਾਰਚ ਦੀ ਰਾਤ ਨੂੰ ਵਿਦਿਆਰਥੀ ਕੌਂਸਲ ਆਗੂ ਜਸਵਿੰਦਰ ਰਾਣਾ ਵੱਲੋਂ ਕਰਵਾਏ ਗਏ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਲਾਈਵ ਸ਼ੋਅ ਵਿੱਚ ਇੱਕ ਵਿਦਿਆਰਥੀ ਦਾ ਕੁਝ ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਵਿਦਿਆਰਥੀ ਦਾ ਨਾਂ ਆਦਿਤਿਆ ਠਾਕੁਰ ਹੈ ਜੋ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ 28 ਮਾਰਚ ਦੀ ਰਾਤ ਨੂੰ ਹੋਏ ਪ੍ਰੋਗਰਾਮ ਵਿੱਚ ਆਦਿਤਿਆ ਉਤੇ ਕਈ ਨੌਜਵਾਨਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਉਸ ਦੀ ਮੌਤ ਹੋ ਗਈ।
ਅੱਜ ਜਿਉਂ ਹੀ ਆਦਿਤਿਆ ਦੀ ਮੌਤ ਦੀ ਖ਼ਬਰ ਪੀ.ਯੂ. ਪਹੁੰਚੀ ਤਾਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵਿੱਚ ਪੀਯੂ ਪ੍ਰਸ਼ਾਸਨ ਖਿਲਾਫ਼ ਰੋਹ ਫੈਲ ਗਿਆ। ਸਟੂਡੈਂਟਸ ਸੈਂਟਰ ਵਿਖੇ ਵੱਡੀ ਗਿਣਤੀ ਵਿਦਿਆਰਥੀ ਡੀਐੱਸਡਬਲਿਊ ਦਫ਼ਤਰ ਵਿੱਚ ਇਕੱਠੇ ਹੋ ਗਏ ਜਿੱਥੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਵਾਈਸ ਚਾਂਸਲਰ, ਡੀਐੱ.ਡਬਲਿਊ ਅਤੇ ਚੀਫ਼ ਸਕਿਓਰਿਟੀ ਅਫ਼ਸਰ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਇਸ ਦੌਰਾਨ ਕਾਫ਼ੀ ਧੱਕਾ ਮੁੱਕੀ ਵੀ ਹੋਈ ਅਤੇ ਮੌਕੇ ਉਤੇ ਤਾਇਨਾਤ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਨੇ ਚੀਫ਼ ਸਕਿਓਰਿਟੀ ਅਫ਼ਸਰ ਨੂੰ ਬਾਹਰ ਕੱਢਿਆ ਅਤੇ ਡੀਐਸਡਬਲਿਊ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।