South Africa most dangerous country to drive in: ਦੱਖਣੀ ਅਫਰੀਕਾ ਗੱਡੀ ਚਲਾਉਣ ਲਈ ਸਭ ਤੋਂ ਖਤਰਨਾਕ ਦੇਸ਼
ਜੌਹਾਨਸਬਰਗ, 29 ਮਾਰਚ
ਦੱਖਣੀ ਅਫਰੀਕਾ ਗੱਡੀ ਚਲਾਉਣ ਲਈ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਹੈ। ਇਹ ਖੁਲਾਸਾ ਇੱਕ ਸਰਵੇਖਣ ਅਨੁਸਾਰ ਹੋਇਆ ਹੈ ਜਿਸ ਵਿਚ ਭਾਰਤ ਪੰਜਵੇਂ ਥਾਂ ’ਤੇ ਹੈ। ਇਹ ਸਰਵੇਖਣ ਅਮਰੀਕਾ ਆਧਾਰਿਤ ਡਰਾਈਵਰ ਸਿਖਲਾਈ ਕੰਪਨੀ ਜ਼ੁਟੋਬੀ ਦੀ ਸਾਲਾਨਾ ਰਿਪੋਰਟ ਵਿੱਚ ਹੋਇਆ ਹੈ ਜਿਸ ਵਿਚ ਸਭ ਤੋਂ ਸੁਰੱਖਿਅਤ ਦੇਸ਼ ਨਾਰਵੇ ਹੈ।
ਜਾਣਕਾਰੀ ਅਨੁਸਾਰ ਨਾਰਵੇ ਲਗਾਤਾਰ ਚੌਥੇ ਸਾਲ ਮੋਹਰੀ ਦੇਸ਼ ਬਣਿਆ ਹੈ ਜਿੱਥੇ ਲੋਕ ਪੂਰੀ ਤਰ੍ਹਾਂ ਸੜਕੀ ਨਿਯਮਾਂ ਦਾ ਪਾਲਣ ਕਰਦੇ ਹਨ । ਇਹ ਸਰਵੇਖਣ ਗੱਡੀਆਂ ਦੀ ਸਪੀਡ, ਡਰਾਈਵਰਾਂ ਲਈ ਖੂਨ ਵਿੱਚ ਅਲਕੋਹਲ ਦੀ ਸੀਮਾ ਅਤੇ ਸੜਕ ਆਵਾਜਾਈ ਵਿੱਚ ਮੌਤ ਦਰ ਸਣੇ ਹੋਰ ਸੂਚਕਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਸਾਰੇ ਦੇਸ਼ਾਂ ਵਿੱਚ 1,00,000 ਲੋਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋ ਗਈ ਸੀ ਪਰ ਹਾਦਸਿਆਂ ਦੀ ਦਰ ਵਿਚ ਕਮੀ ਆਈ ਹੈ ਜੋ 8.9 ਤੋਂ ਘਟ ਕੇ 6.3 ਹੋ ਗਈ ਹੈ। ਸਾਰੇ ਦੇਸ਼ਾਂ ਵਿੱਚ ਰਾਸ਼ਟਰੀ ਗਤੀ ਸੀਮਾਵਾਂ ਅਤੇ ਖੂਨ ਵਿੱਚ ਅਲਕੋਹਲ ਦੀ ਗਾੜ੍ਹਾਪਣ ਸੀਮਾਵਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇੱਥੇ ਕੰਮ ਕਰਦੀ ਅਲੀਸ਼ਾ ਚਿਨਾਹ ਨੇ ਦੱਸਿਆ ਕਿ ਦੱਖਣੀ ਅਫਰੀਕਾ ਵਿੱਚ ਸੜਕੀ ਆਵਾਜਾਈ ਲਈ ਨਿਯਮ ਤਾਂ ਹਨ ਪਰ ਜ਼ਿਆਦਾਤਰ ਟ੍ਰੈਫਿਕ ਅਧਿਕਾਰੀ ਰਿਸ਼ਵਤ ਲੈ ਕੇ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਛੱਡ ਦਿੰਦੇ ਹਨ ਜਿਸ ਬਾਰੇ ਡਰਾਈਵਰ ਅਕਸਰ ਹੀ ਚਰਚਾ ਕਰਦੇ ਰਹਿੰਦੇ ਹਨ। ਪੀਟੀਆਈ