ਬਠਿੰਡਾ ਨਗਰ ਨਿਗਮ ਦੇ ਵਾਹਨਾਂ ’ਤੇ ਲਾਇਆ ਜੀਪੀਐੱਸ
ਮਨੋਜ ਸ਼ਰਮਾ
ਬਠਿੰਡਾ, 27 ਮਾਰਚ
ਬਠਿੰਡਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਫ਼ਾਈ ਅਤੇ ਪ੍ਰਸ਼ਾਸਨਿਕ ਸਵਿਧਾਵਾਂ ਵਿੱਚ ਸੁਧਾਰ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਨਗਰ ਨਿਗਮ ਦੇ ਹਰ ਵਾਹਨ ’ਤੇ ਜੀਪੀਐੱਸ ਸਿਸਟਮ ਲਗਾ ਦਿੱਤਾ ਗਿਆ ਹੈ, ਜਿਸ ਨਾਲ ਆਮ ਲੋਕ ਵੈੱਬਸਾਈਟ ’ਤੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰ ਸਕਣਗੇ। ਅੱਜ ਮੇਅਰ ਮਹਿਤਾ ਨੂੰ ਮਿਲਣ ਲਈ ਨਗਰ ਨਿਗਮ ਦਫ਼ਤਰ ’ਚ ਸ਼ਹਿਰ ਵਾਸੀਆਂ ਦੀ ਭਾਰੀ ਭੀੜ ਰਹੀ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ’ਤੇ ਹੀ ਹੱਲ ਕਰਵਾਈਆਂ। ਮੇਅਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਐੱਨਡੀਐੱਮਸੀ ਦੀ ਤਰਜ਼ ’ਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਰਜਿਸਟਰ ਕਰਨ ਅਤੇ ਹੱਲ ਕਰਨ ਲਈ ਐਪ ਜਾਂ ਵੈੱਬ ਪੋਰਟਲ ਸ਼ੁਰੂ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਚੀਫ਼ ਸੈਨੇਟਰੀ ਇੰਸਪੈਕਟਰ ਨੂੰ ਹੁਕਮ ਦਿੱਤਾ ਕਿ ਸ਼ਹਿਰ ’ਚ ਲੱਗੀਆਂ ਰੇਹੜੀਆਂ ’ਤੇ ਹਰੇ ਅਤੇ ਨੀਲੇ ਕੂੜਾਦਾਨ ਯਕੀਨੀ ਤੌਰ ’ਤੇ ਰੱਖਵਾਏ ਜਾਣ ਤਾਂ ਜੋ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਹੋ ਸਕੇ। ਉਨ੍ਹਾਂ ਆਮ ਲੋਕਾਂ ਨੂੰ ਸਫ਼ਾਈ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।