ਬੀਕੇਯੂ (ਏਕਤਾ ਉਗਰਾਹਾਂ) ਵੱਲੋਂ ਮੋਰਚੇ ਦੀ ਚਿਤਾਵਨੀ
ਪੱਤਰ ਪ੍ਰੇਰਕ
ਪਾਇਲ, 3 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਪਿੰਡ ਰਾਣੋ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਤੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਜਸਵੀਰ ਸਿੰਘ ਅਸ਼ਗਰੀਪੁਰ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਨਵੀ ਕਿਸਾਨ ਪੱਖੀ ਨੀਤੀ ਨੂੰ ਬਣਾਇਆ ਗਿਆ ਹੈ ਜੇਕਰ ਇਸ ਨੂੰ 21 ਜਨਵਰੀ ਤੱਕ ਲਾਗੂ ਨਹੀਂ ਕੀਤਾ ਜਾਂਦਾ ਤਾਂ ਯੂਨੀਅਨ ਵੱਲੋਂ 22 ਤੋਂ 26 ਜਨਵਰੀ ਤੱਕ 5 ਰੋਜ਼ਾ ਮੋਰਚਾ ਜ਼ਿਲਾ ਲੁਧਿਆਣਾ ਵਲੋਂ ਡੀਸੀ ਦਫਤਰ ਲੁਧਿਆਣਾ ਵਿਖੇ ਲਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਮੀਟਿੰਗਾਂ ਰੱਖੀਆਂ ਗਈਆਂ। ਇਸ ਮੌਕੇ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਹਾ ਹੂੰ ਕਰਕੇ ਟਾਲਮਟੋਲ ਦੀ ਨੀਤੀ ’ਤੇ ਚੱਲ ਰਹੀ ਹੈ। ਭਾਰਤ ਮਾਲਾ ਪਰਿਯੋਜਨਾ ਤਹਿਤ ਜਮੀਨ ਐਕਵਾਇਰ ਦੇ ਪੂਰੇ ਮੁਆਵਜ਼ੇ ਨਹੀਂ ਦਿੱਤੇ ਜਾ ਰਹੇ, ਹੜ੍ਹਾਂ ਦੇ ਮਾਰੇ ਪੀੜਤ ਪਰਿਵਾਰਾਂ ਦੇ ਮੁਆਵਜ਼ੇ ਬਾਕੀ ਹਨ, ਪਰਾਲੀ ਸਾੜਨ ਤੇ ਕਿਸਾਨਾਂ ਤੇ ਕੇਸ ਪਾਏ ਗਏ, ਗੰਨੇ ਦੇ ਬਕਾਏ ਪਿਛਲੇ ਸਾਲ ਦੇ ਖੜ੍ਹੇ ਹਨ, ਕਰਜ਼ਿਆਂ ਨੂੰ ਖ਼ਤਮ ਕਰਨ, ਨਸ਼ਿਆਂ ਨੂੰ ਬੰਦ ਨਾ ਹੋਣ ਤੇ ਹੋਰ ਮੰਗਾਂ ਲਈ ਉਲੀਕੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਜੋਰ ਲਾਉਣ ਦੀ ਅਪੀਲ ਕੀਤੀ।
ਸੁਦਾਗਰ ਸਿੰਘ ਘੁਡਾਣੀ ਨੇ ਟਰੱਕ ਡਰਾਈਵਰ ਦੇ ਘੋਲ ’ਤੇ ਮੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਖੇਤੀ ਤੋਂ ਬਾਅਦ ਸਾਡੇ ਲੋਕਾਂ ਕੋਲ ਇਹ ਛੋਟਾ-ਮੋਟਾ ਟਰਾਂਸਪੋਰਟ ਦਾ ਧੰਦਾ ਹੈ ਇਸ ਨੂੰ ਵੀ ਨਵੇ-ਨਵੇ ਕਾਨੂੰਨਾਂ ਰਾਹੀਂ ਖ਼ਤਮ ਕੀਤਾ ਜਾ ਰਿਹਾ। ਇਸ ਮੀਟਿੰਗ ਵਿੱਚ ਹਰਜੀਤ ਸਿੰਘ ਘਲੋਟੀ, ਯੁਵਰਾਜ ਸਿੰਘ ਘੁਡਾਣੀ, ਦਵਿੰਦਰ ਘਲੋਟੀ, ਸੁਖਵਿੰਦਰ ਸਿੰਘ ਬਿਲਾਸਪੁਰ, ਦਲਜੀਤ ਸਿੰਘ ਬਿੱਟੂ, ਗੁਰਜੀਤ ਸਿੰਘ ਰਾਣੋ, ਨਿਰਮਲਸਿੰਘ, ਇਕਬਾਲ ਪ੍ਰੀਤ ਬੰਟੂ, ਧੰਨ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਹਰਦੀਪ ਸਿੰਘ ਤੇ ਹਰਜੀਤ ਸਿੰਘ ਵੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਇਸ ਮੌਕੇ ਕਿਹਾ ਕਿ ਸਰਕਾਰ ਵਾਅਦਾ ਕਰਨ ਦੇ ਬਾਵਜੂਦ ਨੀਤੀ ਲਾਗੂ ਕਰਨ ਵਿਚ ਟਾਲਮਟੋਲ ਕਰ ਰਹੀ ਹੈ।