ਨਹਿਰੀ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਚੁੱਕਣ ਦੇ ਨੋਟਿਸ ਦੇਣ ਦਾ ਮਾਮਲਾ ਭਖਿਆ
ਪਾਇਲ, 3 ਅਪਰੈਲ
ਨਹਿਰੀ ਵਿਭਾਗ ਵੱਲੋਂ ਰਾੜਾ ਸਾਹਿਬ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਚੁੱਕਣ ਦੇ ਨੋਟਿਸ ਦੇਣ ਦੇ ਮਾਮਲੇ ਸਬੰਧੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਦੁਕਾਨਦਾਰਾਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਜਾਣਕਾਰੀ ਅਨੁਸਾਰ ਰਾੜਾ ਸਾਹਿਬ ਲਾਗਿਓਂ ਲੰਘਦੀ ਬਠਿੰਡਾ ਬ੍ਰਾਂਚ ਨਹਿਰ ਦੇ ਕੰਢੇ ਅਤੇ ਗੁਰਦੁਆਰਾ ਰਾੜਾ ਸਾਹਿਬ ਦੇ ਸਾਹਮਣੇ ਕਰੀਬ 40 ਸਾਲਾਂ ਤੋਂ ਆਸ-ਪਾਸ ਦੇ ਪਿੰਡਾਂ ਦੇ ਬੇਰੋਜ਼ਗਾਰਾਂ ਲੋਕਾਂ ਵੱਲੋਂ ਲੱਕੜੀ ਅਤੇ ਲੋਹੇ ਦੇ ਖੋਖੇ ਬਣਾ ਕੇ ਵੱਖ-ਵੱਖ ਸਾਜ਼ੋ-ਸਾਮਾਨ ਵੇਚਿਆ ਜਾ ਰਿਹਾ ਹੈ। ਚਾਰ ਦਹਾਕਿਆਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਦੁਕਾਨਦਾਰਾਂ ਨੂੰ ਨਹਿਰੀ ਵਿਭਾਗ ਵੱਲੋਂ ਦੁਕਾਨਾਂ ਚੁਕਵਾਉਣ ਦੇ ਲਿਖ਼ਤੀ ਨੋਟਿਸ ਦਿੱਤੇ ਜਾਂਦੇ ਰਹੇ ਹਨ ਪਰ ਇਹ ਦੁਕਾਨਾਂ ਚੁਕਾਉਣ ਦਾ ਮਾਮਲਾ ਕੋਈ ਨਾ ਕੋਈ ਵੋਟਾਂ ਮੂਹਰੇ ਆਉਣ ਕਾਰਨ ਫਿਰ ਠੱਪ ਹੋ ਕੇ ਰਹਿ ਜਾਂਦਾ ਹੈ ਜਦਕਿ 2022 ’ਚ ਵੋਟਾਂ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਦੁਕਾਨਦਾਰਾਂ ਨੂੰ ਦੁਕਾਨਾਂ ਨਾ ਚੁਕਵਾਉਣ ਦਾ ਭਰੋਸਾ ਦਿੱਤਾ ਸੀ ਪਰੰਤੂ ਅੱਜ ਮੌਜੂਦਾ ਸਰਕਾਰ ਵੱਲੋਂ ਵੀ ਇਨ੍ਹਾਂ ਦੁਕਾਨਦਾਰਾਂ ਨੂੰ ਫਿਰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟਿਸਾਂ ਤੋਂ ਖ਼ਫ਼ਾ ਹੋਏ ਦੁਕਾਨਦਾਰਾਂ ਦੇ ਵਫ਼ਦ ਨੇ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਮਿਲਕੇ ਮੰਗ ਪੱਤਰ ਸੌਂਪਿਆ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇ। ਉਨ੍ਹਾਂ ਵੱਲੋਂ ਤੁਰੰਤ ਨਹਿਰੀ ਵਿਭਾਗ ਨੂੰ 16 ਅਪਰੈਲ ਨੂੰ ਸਮਾਂ ਦੇ ਕੇ ਤਲਬ ਕਰ ਲਿਆ ਗਿਆ ਹੈ। ਇਸ ਮੌਕੇ ਸਾਬਕਾ ਪੰਚ ਲਖਵੀਰ ਸਿੰਘ ਭੀਖੀ, ਜਥੇਦਾਰ ਹਰਭਜਨ ਸਿੰਘ ਸੋਮਲ ਖੇੜੀ, ਬਾਬਾ ਨੰਦ ਸਿੰਘ ਰਾੜਾ, ਜਸਵੀਰ ਸਿੰਘ ਕਾਲਾ ਪੰਧੇਰ ਖੇੜੀ, ਲਖਵਿੰਦਰ ਸਿੰਘ ਰਾੜਾ, ਜਰਨੈਲ ਸਿੰਘ ਰਾੜਾ, ਕੇਹਰ ਸਿੰਘ ਘੁਡਾਣੀ ਕਲਾਂ, ਗੁਰਜੰਟ ਸਿੰਘ ਘਣਗਸ, ਰਾਹੁਲ ਕੁਮਾਰ ਰਾੜਾ, ਸਰਬਣ ਸਿੰਘ ਬਿਲਾਸਪੁਰ, ਨਰਿੰਦਰ ਸਿੰਘ, ਸੁਖਦੇਵ ਸਿੰਘ ਘਲੋਟੀ, ਸਤਨਾਮ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ, ਲਖਵੀਰ ਸਿੰਘ ਰਾਮਗੜ੍ਹ ਸਰਦਾਰਾਂ, ਉਜਾਗਰ ਸਿੰਘ, ਰਜਿੰਦਰ ਸਿੰਘ, ਲਵਪ੍ਰੀਤ ਸਿੰਘ ਘਲੋਟੀ, ਭਗਵਾਨ ਸਿੰਘ ਘੁਡਾਣੀ ਕਲਾਂ, ਰਮੇਸ਼ ਕੁਮਾਰ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।