ਮੇਲੇ ਦੀ ਪਹਿਲੀ ਸ਼ਾਮ ਕਬੀਰ ਦੇ ਦੋਹਿਆਂ ਦੇ ਨਾਮ
ਲੁਧਿਆਣਾ, 5 ਅਪਰੈਲ
ਬੀਤੇ ਦਿਨ ਲੁਧਿਆਣਾ ਵਿੱਚ ਸ਼ੁਰੂ ਹੋਏ ਰੂਰਲ ਅਰਬਨ ਹੈਰਿਟੇਜ ਫੈਸਟਿਵਲ ਦੀ ਪਹਿਲੀ ਸ਼ਾਮ ‘ਐ ਜੀ ਰਾਮ ਨਾਮ ਦੀ ਲੂਟ ਹੈ’ ਅਤੇ ‘ਧੀਰੇ-ਧੀਰੇ ਰੇ ਮਨਾ, ਧੀਰੇ ਸਭ ਕੁਝ ਹੋਏ...’ ਵਰਗੇ ਅਮਰ ਦੋਹਿਆਂ ਦੀ ਗੂੰਜ ਨਾਲ ਇੱਕ ਆਧਿਆਤਮਿਕ ਤਜਰਬੇ ’ਚ ਬਦਲ ਗਈ। ਪ੍ਰਸਿੱਧ ਕਲਾਕਾਰ ਮੁਕੇਸ਼ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕਬੀਰ ਦੇ ਦੋਹਿਆਂ ਨੂੰ ਸੁਰਾਂ ਵਿੱਚ ਪਿਰੋ ਕੇ, ਲੁਧਿਆਣਾ ਦੇ ਦਰਸ਼ਕਾਂ ਨੂੰ ਭਾਰਤੀ ਸਭਿਆਚਾਰ ਅਤੇ ਸੰਤ ਪਰੰਪਰਾ ਨਾਲ ਜਾਣੂ ਕਰਵਾਇਆ।
ਕਬੀਰ ਦੇ ਦੋਹਿਆਂ ਦੀ ਸਾਦਗੀ ਅਤੇ ਗਹਿਰਾਈ ਨੇ ਹਾਜ਼ਰੀਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਫੈਸਟਿਵਲ ਦਾ ਦੂਜਾ ਦਿਨ ਇਕ ਹੋਰ ਸੰਗੀਤਮਈ ਆਧਿਆਤਮਿਕ ਯਾਤਰਾ ਲੈ ਕੇ ਆ ਰਿਹਾ ਹੈ। ਪ੍ਰਸਿੱਧ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਆਪਣੀ ਜਾਦੂਈ ਆਵਾਜ਼ ਨਾਲ ਲੁਧਿਆਣਾ ਵਾਸੀਆਂ ਨੂੰ ਸੂਫ਼ੀ ਸੰਗੀਤ ਦੀ ਰੂਹਾਨੀ ਤ੍ਰਿਪਤੀ ਮਹਿਸੂਸ ਕਰਵਾਉਣਗੀਆਂ। ਫੈਸਟਿਵਲ ਦੇ ਆਯੋਜਕ ਸੁਨੀਲ ਵਰਮਾ ਅਤੇ ਵਰੁਣ ਵਰਮਾ ਨੇ ਵਿਸ਼ੇਸ਼ ਰੂਪ ਵਿੱਚ ਲੋਕਾਂ ਨੂੰ ਇਸ ਸੰਸਕ੍ਰਿਤਿਕ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ, ਤਾਂ ਜੋ ਭਾਰਤੀ ਸੰਗੀਤ ਅਤੇ ਆਧਿਆਤਮਿਕ ਵਿਰਾਸਤ ਨੂੰ ਹੋਰ ਵੀ ਵਧਾਇਆ ਜਾ ਸਕੇ। ਇਹ ਮੇਲਾ 13 ਅਪਰੈਲ ਤੱਕ ਜਾਰੀ ਰਹੇਗਾ।