ਹਰਜਸ ਸਕੂਲ ਦਾ ਨਤੀਜਾ ਸ਼ਾਨਦਾਰ
ਪੱਤਰ ਪ੍ਰੇਰਕ
ਮਾਛੀਵਾੜਾ, 9 ਅਪਰੈਲ
ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੜੌਦੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਦਿਆਂ ਸੰਸਥਾ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਮੁੱਖ ਪ੍ਰਬੰਧਕ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਠਵੀਂ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਵਿਰਦੀ ਨੇ 95.66 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਪਹਿਲਾ, ਏਕਤਾ ਕਟਾਰੀਆ ਨੇ 550/600 ਅੰਕ ਪ੍ਰਾਪਤ ਕਰ ਦੂਜਾ ਅਤੇ ਏਕਮ ਪ੍ਰੀਤ ਨੇ 547/600 ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਲ ਕੀਤਾ ਹੈ।
ਮਨਪ੍ਰੀਤ ਸਿੰਘ ਨੇ ਹਿੰਦੀ ਵਿਸ਼ੇ ’ਚੋਂ 100/100 ਜਦਕਿ ਲਵਪ੍ਰੀਤ ਕੌਰ, ਬਲਵਿੰਦਰ ਗਿਰ ਵਾਸੀ ਜੌਣੇਵਾਲ ਨੇ ਪੰਜਾਬੀ ਵਿਸ਼ੇ ’ਚ ਟਾਪ ਕਰਦਿਆਂ 100/100 ਅੰਕ ਪ੍ਰਾਪਤ ਕੀਤੇ ਹਨ। ਬਾਕੀ ਵਿਦਿਆਰਥੀ ਵੀ ਪਹਿਲੇ ਦਰਜੇ ਵਿਚ ਪਾਸ ਹੋਏ। ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਅੱਠਵੀਂ ਜਮਾਤ ਦੇ ਇੰਚਾਰਜ ਮੈਡਮ ਬਰਿੰਦਰ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਸਹੀ ਸੇਧ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੰਬੜਦਾਰ ਦਿਆਲ ਸਿੰਘ, ਵਾਇਸ ਪ੍ਰਿੰਸੀਪਲ ਵੰਦਨਾ ਪ੍ਰੀਹਾਰ, ਕੋਆਰਡੀਨੇਟਰ ਹਰਮੀਤ ਕੌਰ, ਕੋਆਰਡੀਨੇਟਰ ਸਤੀਸ਼ ਕੁਮਾਰ, ਰਾਜਵਿੰਦਰ ਕੌਰ ਢਿੱਲੋਂ, ਰਾਕੇਸ਼ ਰਾਣੀ, ਰਾਜਵੰਤ ਕੌਰ, ਸੀਮਾ ਸ਼ਰਮਾ, ਜਸ਼ਨਪ੍ਰੀਤ ਕੌਰ, ਸੰਸਾਰਦੀਪ ਕੌਰ, ਪਰਮਜੀਤ ਕੌਰ, ਕਿਰਨਦੀਪ ਕੌਰ ਵੀ ਮੌਜੂਦ ਸਨ।