ਆਮ ਆਦਮੀ ਪਾਰਟੀ ਦੋਵਾਂ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੀ ਹੈ: ਵੇਰਕਾ
ਲੁਧਿਆਣਾ, 1 ਮਈ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਰੱਜ ਕੇ ਲੁੱਟ ਰਹੀ ਹੈ ਜਿਸ ਕਾਰਨ ਅੱਜ ਹਰੇਕ ਵਰਗ ਦੇ ਲੋਕ ਸੜਕਾਂ ਦੇ ਧਰਨੇ ਲਗਾਉਣ ਲਈ ਮਜ਼ਬੂਰ ਹਨ।
ਉਹ ਅੱਜ ਕਾਂਗਰਸ ਪਾਰਟੀ ਐੱਸਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਰਾਹੁਲ ਡੁਲਗਚ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਪ ਵੱਲੋਂ ਅਰਵਿੰਦਰ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਣ ਲਈ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ ਪ੍ਰੰਤੂ ਆਪ ਨੂੰ ਹਲਕੇ ਦੇ ਲੋਕਾਂ ਨੇ ਬਿਲਕੁਲ ਹੀ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਹਲਕੇ ਦੇ ਲੋਕ ਭਾਰਤ ਭੂਸ਼ਣ ਆਸ਼ੂ ਨੂੰ ਜਿਤਾਉਣ ਦਾ ਮਨ ਬਣਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਹੋਇਆ ਅਤਿਵਾਦੀ ਹਮਲਾ ਕੇਂਦਰ ਸਰਕਾਰ ਦੀ ਨਾਕਾਮੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਕੋਲ ਬਿਲਕੁਲ ਵੀ ਵਾਧੂ ਪਾਣੀ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਜ਼ਮੀਨ ਲਗਾਤਾਰ ਬੰਜ਼ਰ ਹੋ ਰਹੀ ਹੈ। ਇਸ ਮੌਕੇ ਰਾਹੁਲ ਡੁਲਗਚ ਨੇ ਰਾਜ ਕੁਮਾਰ ਵੇਰਕਾ ਦਾ ਸਵਾਗਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਐਸਸੀ ਸਮਾਜ ਨੂੰ ਸਿਰਫ਼ ਤੇ ਸਿਰਫ਼ ਆਪਣੇ ਵੋਟ ਬੈਂਕ ਵਜੋਂ ਵਰਤਿਆ ਹੈ ਜਦਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਐਸਸੀ ਸਮਾਜ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਦਫ਼ਤਰਾਂ ਵਿੱਚ ਲਗਾਉਣ ਦੀ ਬਜਾਏ ਦਲਿਤ ਭਾਈਚਾਰੇ ਨੂੰ ਬਣਦਾ ਮਾਣ ਸਨਮਾਨ ਦੇਕੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਥਾਂ ਕਿਸੇ ਐਸਸੀ ਭਾਈਚਾਰੇ ਦੇ ਆਗੂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਵੇ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ, ਇਕਬਾਲ ਮੁਨਸ਼ੀ, ਭਰਤ ਸਿੰਘ, ਰਾਜ ਕੁਮਾਰ ਪੱਪੀ, ਜੈਵਿੰਦਰ, ਰਾਮ ਕੁਮਾਰ ਪਾਰਚਾ, ਅਮਿਤ ਰੋਹਤਗੀ, ਜੱਗੀ ਢੰਡਾਰੀ, ਜਸਵੀਰ ਲੰਬੜਦਾਰ, ਹਰਕਰਨ ਸਿੰਘ ਗਰਚਾ, ਰਾਹੁੁਲ ਪਾਰਖੀ, ਐਡਵੋਕੇਟ ਲਵਪ੍ਰੀਤ ਸਿੰਘ, ਸ਼ਾਨ ਕਪੂਰ ਅਤੇ ਅਮਨ ਸੋਦੇ ਹਾਜ਼ਰ ਸਨ।