ਸ਼ੈਲਰ ਮਾਲਕ ’ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਮਿਹਰਬਾਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਮਈ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਇਕ ਸ਼ੈਲਰ ਮਾਲਕ ’ਤੇ ਕਥਿਤ ਤੌਰ ’ਤੇ ਮਿਹਰਬਾਨ ਹੋ ਗਿਆ ਜਾਪਦਾ ਹੈ। ਪਹਿਲਾਂ ਇਸ ਸ਼ੈਲਰ ਦੀ ਸਮਰੱਥਾ ਵਧਾਈ ਗਈ ਅਤੇ ਹੁਣ ਇੱਥੇ ਸਰਕਾਰੀ ਖਰੀਦ ਏਜੰਸੀ ਦੀ ਕਣਕ ਲਾਹ ਦਿੱਤੀ ਗਈ। ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੈਲਰ ਮਾਲਕ ਨੇ ਸ਼ੈਲਰ ’ਚ ਆਟਾ ਚੱਕੀਆਂ ਵੀ ਲਗਾ ਦਿੱਤੀਆਂ। ਨਿਯਮਾਂ ਮੁਤਾਬਕ ਸਰਕਾਰੀ ਕਣਕ ਲਹਿਣ ਵਾਲੀ ਜਗ੍ਹਾ ’ਤੇ ਆਟਾ ਚੱਕੀ ਨਹੀਂ ਲੱਗ ਸਕਦੀ ਪਰ ਇਹ ਸਭ ਇੱਥੇ ਸ਼ੈਲਰ ਮਾਲਕ ਦੀ ਹਾਕਮ ਧਿਰ ਦੇ ਆਗੂ ਨਾਲ ਕਥਿਤ ਨੇੜਤਾ ਕਰਕੇ ਸੰਭਵ ਹੋ ਗਿਆ ਹੈ।
ਇੱਥੋਂ ਦੇ ਸ਼ੇਰਪੁਰਾ ਰੋਡ ’ਤੇ ਸਥਿਤ ਇਕ ਸ਼ੈਲਰ ਵਿੱਚ ਨਿਯਮਾਂ ਦੀਆਂ ਕਥਿਤ ਧੱਜੀਆਂ ਉਡਾਈਆਂ ਗਈਆਂ। ਵੇਰਵਿਆਂ ਮੁਤਾਬਕ ਪਹਿਲਾਂ ਤਾਂ ਸ਼ੈਲਰ ਦੀ ਸਮਰੱਥਾ ਵਧਾ ਕੇ ਦੁੱਗਣੀ ਕਰ ਦਿੱਤੀ ਗਈ। ਇਸੇ ਤਰ੍ਹਾਂ ਹਾਕਮ ਧਿਰ ਨਾਲ ਨੇੜਤਾ ਦਾ ਪੂਰਾ ਲਾਹਾ ਲੈਂਦਿਆਂ ਸ਼ੈਲਰ ਵਿੱਚ ਸਰਕਾਰੀ ਕਣਕ ਸਟੋਰ ਕਰਨ ਦੀ ਪ੍ਰਵਾਨਗੀ ਹਾਸਲ ਕੀਤੀ ਗਈ। ਕਣਕ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਹੀ ਸ਼ੇਰਪੁਰਾ ਰੋਡ ਸਥਿਤ ਇਸ ਸ਼ੈਲਰ ਵਿੱਚ ਵੱਡੀ ਪੱਧਰ ’ਤੇ ਸਰਕਾਰੀ ਕਣਕ ਸਟੋਰ ਕੀਤੀ ਜਾ ਰਹੀ ਹੈ। ਇੱਥੋਂ ਤੱਕ ਸਭ ਕੁਝ ਠੀਕ ਹੈ ਕਿਉਂਕਿ ਸਰਕਾਰ ਨੇ ਪ੍ਰਾਈਵੇਟ ਗੁਦਾਮ ਬਣਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ ਪਰ ਹੈਰਾਨੀ ਉਦੋਂ ਹੋਈ ਜਦੋਂ ਸ਼ੈਲਰ ਵਿੱਚ ਹੀ ਚੁੱਪ-ਚੁਪੀਤੇ ਆਟਾ ਮਿੱਲ ਬਣ ਗਈ। ਸ਼ੈਲਰ ਦੇ ਅੰਦਰ ਹੀ ਆਟਾ ਚੱਕੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਕਿ ਸਰਕਾਰੀ ਨਿਯਮਾਂ ਦੇ ਬਿਲਕੁਲ ਉਲਟ ਹੈ। ਸਰਕਾਰੀ ਨਿਯਮ ਅਨੁਸਾਰ ਜਿੱਥੇ ਸਰਕਾਰੀ ਏਜੰਸੀਆਂ ਦੀ ਕਣਕ ਸਟੋਰ ਕੀਤੀ ਜਾਂਦੀ ਹੈ ਉਥੇ ਆਟਾ ਮਿੱਲ ਜਾਂ ਚੱਕੀਆਂ ਨਹੀਂ ਲੱਗ ਸਕਦੀਆਂ।
ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਇਹ ਸਬੰਧਿਤ ਵਿਭਾਗ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੀ ਨਹੀਂ। ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸ਼ੈਲਰ ਵਿੱਚ ਆਟਾ ਚੱਕੀਆਂ ਲੱਗਣ ਨਾਲ ਉਥੇ ਸਟੋਰ ਕਣਕ ਦੀ ਚੋਰੀ ਹੋਣ ਦਾ ਖਦਸ਼ਾ ਹੈ।
ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ: ਅਧਿਕਾਰੀ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਜਸਪਾਲ ਸਿੰਘ ਨਾਲ ਇਸ ਸਬੰਧੀ ਕਿਹਾ ਕਿ ਮਾਮਲਾ ਧਿਆਨ ਵਿੱਚ ਨਹੀਂ ਹੈ। ਜੇਕਰ ਸ਼ੈਲਰ ਵਿੱਚ ਸਟੋਰ ਕੀਤੀ ਸਰਕਾਰੀ ਕਣਕ ਵਾਲੀ ਥਾਂ ’ਤੇ ਹੀ ਆਟਾ ਚੱਕੀਆਂ ਲੱਗੀਆਂ ਹਨ ਤਾਂ ਇਹ ਗਲਤ ਹੈ। ਉਨ੍ਹਾਂ ਇਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਰ ਗੁਪਤਾ ਨੇ ਕਿਹਾ ਕਿ ਸ਼ੈਲਰ ਵਿੱਚ ਕਣਕ ਤਾਂ ਸਟੋਰ ਕੀਤੀ ਜਾ ਸਕਦੀ ਹੈ ਪਰ ਜਿੱਥੇ ਸਰਕਾਰੀ ਕਣਕ ਸਟੋਰ ਹੋਈ ਹੋਵੇ ਉਥੇ ਆਟਾ ਚੱਕੀਆਂ ਲਾਉਣਾ ਕਾਨੂੰਨੀ ਜੁਰਮ ਹੈ। ਇਸ ਨਾਲ ਸ਼ੈਲਰ ਦਾ ਲਾਇਸੈਂਸ ਵੀ ਰੱਦ ਹੋ ਸਕਦਾ ਹੈ। ਸਬੰਧਿਤ ਸ਼ੈਲਰ ਮਾਲਕ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਸ ਨੂੰ ਇਸ ਨਿਯਮ ਦਾ ਪਤਾ ਨਹੀਂ ਸੀ ਤੇ ਜੇਕਰ ਇਹ ਨਿਯਮਾਂ ਦੇ ਉਲਟ ਹੋਇਆ ਹੈ ਤਾਂ ਉਹ ਸ਼ੈਲਰ ਵਿੱਚੋਂ ਆਟਾ ਚੱਕੀਆਂ ਹਟਾ ਲੈਣਗੇ।