ਕਣਕ ਦੀ ਆਮਦ ਲਈ ਅਨਾਜ ਮੰਡੀਆਂ ਤਿਆਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਪਰੈਲ
ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਕਣਕ ਦੀ ਖਰੀਦ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ। ਸਾਰੀਆਂ 108 ਅਨਾਜ ਮੰਡੀਆਂ ਨੂੰ ਸਫਾਈ, ਪੀਣ ਯੋਗ ਪਾਣੀ ਦੀ ਸਪਲਾਈ, ਪੱਖੇ ਅਤੇ ਲੋੜੀਂਦੀ ਰੋਸ਼ਨੀ ਵਰਗੀਆਂ ਜ਼ਰੂਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਹਾਲਾਂਕਿ ਕਣਕ ਹਾਲੇ ਮੰਡੀਆਂ ਵਿੱਚ ਫਸਲ ਨਹੀਂ ਪਹੁੰਚੀ ਹੈ ਪਰ ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਤਾਇਨਾਤ ਹਨ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਸਮੇਂ ਕੋਈ ਅਸੁਵਿਧਾ ਨਾ ਹੋਵੇ।
ਕਣਕ ਦੀ ਤੁਰੰਤ ਖਰੀਦ ਦੀ ਸਹੂਲਤ ਲਈ ਹਰੇਕ ਖਰੀਦ ਕੇਂਦਰ ’ਤੇ ਵਿਭਾਗ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕਿਸਾਨਾਂ ਨੂੰ ਹੋਰ ਸਹਾਇਤਾ ਦੇਣ ਲਈ ਪ੍ਰਸ਼ਾਸਨ ਨੇ ਮੁੱਖ ਮੰਡੀਆਂ ਤੋਂ ਇਲਾਵਾ 40 ਅਸਥਾਈ ਸਬ-ਯਾਰਡ ਸਥਾਪਤ ਕੀਤੇ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਲਗਪਗ 8.29 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਉਮੀਦ ਹੈ ਜੋ ਕਿ ਪ੍ਰਸ਼ਾਸਨ ਦੀ ਸੁਚਾਰੂ ਅਤੇ ਕੁਸ਼ਲ ਪ੍ਰਕਿਰਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਾਰੇ ਖਰੀਦ ਕੇਂਦਰਾਂ ’ਤੇ ਫ਼ਸਲ ਦੀ ਚੁਕਾਈ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਆਵਾਜਾਈ ਅਤੇ ਮਜ਼ਦੂਰਾਂ ਲਈ ਟੈਂਡਰ ਪਹਿਲਾਂ ਹੀ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਅਨਾਜ ਮੰਡੀਆਂ ਤੋਂ ਤੁਰੰਤ ਚੁੱਕੀ ਜਾਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਨੂੰ ਵੇਚਣ ਦੀ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਲ ਨਾ ਆਵੇ। ਕਾਰਵਾਈਆਂ ਦੀ ਨਿਗਰਾਨੀ ਲਈ ਸਬ-ਡਵੀਜ਼ਨਲ ਮੈਜਿਸਟਰੇਟਾਂ ਅਤੇ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਖਰੀਦ ਗਤੀਵਿਧੀਆਂ ਦੀ ਨੇੜਿਓਂ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।