ਜੀਆਰਡੀ ਅਕੈਡਮੀ ਕਰਵਾਏਗੀ ਸਿੱਖ ਪ੍ਰੀਮੀਅਰ ਲੀਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਪਰੈਲ
ਨੌਜਵਾਨ ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨੀ ਨੂੰ ਸਿੱਖੀ ਦੀ ਪਛਾਣ ਅਤੇ ਕਦਰਾਂ ਕੀਮਤਾਂ ਵੱਲ ਵਾਪਸ ਲਿਆਉਣ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਅੱਜ ਸਰਾਭਾ ਨਗਰ ਵਿਖੇ ਸਿੱਖ ਪ੍ਰੀਮੀਅਰ ਲੀਗ 2025 ਦਾ ਆਗਾਜ਼ ਕੀਤਾ ਗਿਆ। ਇਹ ਲੀਗ ਦਾ ਤੀਜਾ ਐਡੀਸ਼ਨ ਹੈ ਜੋ 15 ਤੋਂ 20 ਅਪਰੈਲ ਤੱਕ ਜੀਆਰਡੀ ਅਕੈਡਮੀ ਲੁਧਿਆਣਾ ਵਿੱਚ ਕਰਵਾਇਆ ਜਾਵੇਗਾ। ਇਸ ਵਿਲੱਖਣ ਕ੍ਰਿਕਟ ਟੂਰਨਾਮੈਂਟ ਵਿੱਚ 12 ਵੱਖ-ਵੱਖ ਟੀਮਾਂ ਦੇ 150 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਸਿੱਖ ਕੌਮ ਅਤੇ ਸ਼ਹਿਰ ਦੀਆਂ ਮਸ਼ਹੂਰ ਹਸਤੀਆਂ ਇਸ ਲੀਗ ਰਾਹੀਂ ਕੌਮੀ ਏਕਤਾ, ਸਿੱਖੀ ਦੇ ਸਿਧਾਂਤ ਅਤੇ ਸਿੱਖੀ ਸਰੂਪ ਦੀ ਮਹੱਤਤਾ ਦਾ ਸੁਨੇਹਾ ਦੇਣਗੀਆਂ। ਸ਼ੁਰੂਆਤ ਸਮਾਰੋਹ ਵਿੱਚ ਕੋਰ ਮੈਂਬਰ ਜਸਪਾਲ ਸਿੰਘ, ਜਸਵੀਰ ਸਿੰਘ, ਪ੍ਰਭਸ਼ਰਨ ਸਿੰਘ, ਗੌਰਵਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ। ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਟੂਰਨਾਮੈਂਟ ਦਾ ਮਕਸਦ ਸਿੱਖ ਨੌਜਵਾਨਾਂ ਨੂੰ ਇਕੱਠਾ ਕਰਨਾ, ਸਾਬਤ ਸੂਰਤ ਗੁਰਸਿੱਖ ਨੌਜਵਾਨਾਂ ਨੂੰ ਇੱਕ ਮੰਚ ਦੇਣਾ ਹੈ ਤਾਂ ਜੋ ਉਹ ਅੱਗੇ ਵਧ ਸਕਣ। ਕਾਲਜ ਦੇ ਟਰੱਸਟੀ ਗੌਰਵਦੀਪ ਸਿੰਘ ਨੇ ਕਿਹਾ ਕਿ ਇਸ ਮੌਕੇ 24 ਮੈਚ ਕਰਵਾਏ ਜਾਣਗੇ।