ਵਿਧਾਇਕ ਨੇ ਮੈਡੀਕਲ ਕਾਲਜ ਬਣਾਉਣ ਲਈ ਯਤਨ ਆਰੰਭੇ
ਦੇਵਿੰਦਰ ਸਿੰਘ ਜੱਗੀ
ਪਾਇਲ, 8 ਅਪਰੈਲ
ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਹਲਕਾ ਪਾਇਲ ਵਿਚ ਇੱਕ ਮੈਡੀਕਲ ਕਾਲਜ ਬਣਾਉਣ ਸਬੰਧੀ ਮੀਟਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅੱਜ ਇਸ ਸਹੂਲਤ ਤੋਂ ਹਲਕਾ ਪਾਇਲ ਕਾਫੀ ਪੱਛੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹਲਕਾ ਪਾਇਲ ਦੇ ਲੋਕਾਂ ਨੇ ਆਪਣੀ ਵੋਟ ਨਾਲ ਰਾਜਨੀਤਕ ਲੋਕਾਂ ਨੂੰ ਰਾਜ ਭਾਗ ਸੌਂਪਿਆ ਸੀ ਪਰ ਇਹ ਸਾਰੇ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾ ਕੇ ਲੋਕਾਂ ਦੀਆਂ ਉਮੀਦਾਂ ਉੱਪਰ ਖਰੇ ਨਹੀਂ ਉੱਤਰ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਇੱਕ ਸੇਵਾਦਾਰ ਵਜੋਂ ਹਲਕਾ ਪਾਇਲ ਦੇ ਵਾਸੀਆਂ ਨੂੰ ਮੈਡੀਕਲ ਕਾਲਜ ਜਲਦੀ ਬਣਵਾ ਕੇ ਦਿੱਤਾ ਜਾਵੇ ਤਾਂ ਜੋ ਹਲਕੇ ਨਾਲ ਸਬੰਧਿਤ ਨੌਜਵਾਨ ਲੜਕੇ-ਲੜਕੀਆਂ ਡਾਕਟਰੀ ਕਿੱਤੇ ਵਿੱਚ ਹੁਨਰਮੰਦ ਬਣ ਕੇ ਹਰ ਵਰਗ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਸਕਣ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਹ ਮੈਡੀਕਲ ਕਾਲਜ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਮਿਲਕੇ ਇਸ ਮੰਗ ਨੂੰ ਪੂਰਾ ਕਰਵਾਉਣਗੇ।