ਗੁਰੂ ਤੇ ਰੋਮਾਣਾ ਵੱਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ
ਗੁਰਿੰਦਰ ਸਿੰਘ
ਲੁਧਿਆਣਾ, 5 ਅਪਰੈਲ
ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿੱੱਚ ਅੱਜ ਭੁਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਤੇ ਸੂਬਾ ਡੈਲੀਗੇਟ ਚੁਨਣ ਲਈ ਮੀਟਿੰਗ ਕੀਤੀ ਗਈ। ਇਸ ਵਿੱਚ ਭਰਤੀ ਮੁਹਿੰਮ ਦੇ ਆਬਜ਼ਰਵਰ ਦਰਬਾਰਾ ਸਿੰਘ ਗੁਰੂ ਅਤੇ ਸਹਾਇਕ ਪਰਮਬੰਸ ਸਿੰਘ ਬੰਟੀ ਰੋਮਾਣਾ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਦਰਬਾਰਾ ਸਿੰਘ ਗੁਰੂ ਤੇ ਬੰਟੀ ਰੋਮਾਣਾ ਨੇ ਕਿਹਾ ਕਿ ਕੁੱਝ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਵਿੱਚ ਆਪਣਾ ਸਿਆਸੀ ਅਸਰ ਪੈਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਸਮੇਤ ਪੰਜਾਬ ਵਿੱਚ ਅਮਨ ਸ਼ਾਂਤੀ ਵਾਲੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕੀਤੀ ਗਈ ਭਰਤੀ ਦੌਰਾਨ ਲੁਧਿਆਣਾ ਸ਼ਹਿਰੀ ਨਾਲ ਸਬੰਧਤ ਭਰਤੀ ਮੁਹਿੰਮ ਸਬੰਧੀ ਜ਼ਿਲ੍ਹਾ ਡੈਲੀਗੇਟ ਅਤੇ ਸੂਬਾ ਡੈਲੀਗੇਟ ਚੁਨਣ ਦਾ ਅਧਿਕਾਰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਤਾ ਗਿਆ ਹੈ।
ਇਸ ਮੌਕੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕਜੁੱਟ ਸੀ, ਹੈ ਤੇ ਰਹੇਗਾ ਅਤੇ ਇਸ ਚੋਣ ਦੌਰਾਨ ਵਿਰੋਧੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਗੁੱਟਬਾਜ਼ੀ ਹੋਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਵੀ ਮੂੰਹ ਤੋੜਵਾਂ ਜਵਾਬ ਮਿਲੇਗਾ।
ਇਸ ਮੌਕੇ ਲੁਧਿਆਣਾ ਸ਼ਹਿਰੀ ਦੇ ਸਮੁੱਚੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਬਾਬਾ ਅਜੀਤ ਸਿੰਘ, ਆਰਡੀ ਸ਼ਰਮਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਪ੍ਰਲਾਹਦ ਸਿੰਘ ਢੱਲ, ਹਰਚਰਨ ਸਿੰਘ ਗੋਹਲਵੜੀਆ, ਹਰਪ੍ਰੀਤ ਸਿੰਘ ਡੰਗ, ਨੇਕ ਸਿੰਘ ਸੇਖੇਵਾਲ, ਜਸਦੀਪ ਸਿੰਘ ਕਾਉਂਕੇ, ਰਜਨੀਸ਼ ਪਾਲ ਸਿੰਘ ਧਾਲੀਵਾਲ, ਅਕਾਸ਼ਦੀਪ ਸਿੰਘ ਭੱਠਲ, ਗੁਰਮੁਖ ਸਿੰਘ ਗਿਆਸਪੁਰਾ, ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਿਤ, ਕੁਲਦੀਪ ਸਿੰਘ ਖਾਲਸਾ ਅਤੇ ਕੁਲਵਿੰਦਰ ਸਿੰਘ ਕਿੰਦਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।