ਬਾਲ ਕਹਾਣੀ ਦੀ ਪੁਸਤਕ ‘ਤਿੰਨ ਭਰਾ’ ਲੋਕ ਅਰਪਣ
ਲੁਧਿਆਣਾ, 3 ਅਪਰੈਲ
ਸਟੇਟ ਐਵਾਰਡੀ ਅਧਿਆਪਕ ਸੁਖਰਾਮ ਦੀ ਬਾਲ ਕਹਾਣੀ ਦੀ ਕਿਤਾਬ ‘ਤਿੰਨ ਭਰਾ’ ਜੰਡਿਆਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਜਤਿੰਦਰ ਹਾਂਸ, ਸਾਬਕਾ ਬੀਪੀਈਓ ਸਾਧੂ ਸਿੰਘ, ਮੁੱਖ ਅਧਿਆਪਕ ਨਰਿੰਦਰ ਸਿੰਘ ਤੇ ਗੁਰਦੀਪ ਸਿੰਘ ਮੰਡਹਾਰ ਸ਼ਾਮਲ ਸਨ।
ਸਮਾਗਮ ਦੇ ਆਰੰਭ ਵਿੱਚ ਸਕੂਲ ਮੁਖੀ ਨਰਿੰਦਰ ਸਿੰਘ ਨੇ ਲੇਖਕ ਸੁਖਰਾਮ ਬਾਰੇ ਦੱਸਿਆ ਕਿ ਉਨ੍ਹਾਂ ਆਪਣੇ ਕਾਰਜ ਕਾਲ ਦੌਰਾਨ ਨਾ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਮੋਹਰੀ ਬਣਾਇਆ ਸਗੋਂ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਸੂਬਾ ਪੱਧਰ ਤੱਕ ਪਹੁੰਚਾਇਆ। ਸੁਖਰਾਮ ਦੀਆਂ ਇਸ ਤੋਂ ਪਹਿਲਾਂ ਦੋ ਕਿਤਾਬਾਂ ‘ਧੋਖ਼ੇਬਾਜ਼ ਸ਼ੇਰ’ ਅਤੇ ‘ਸੱਚਾ ਮਿੱਤਰ’ ਵੀ ਛਪ ਚੁੱਕੀਆਂ ਹਨ ਅਤੇ ਅੱਜ ਇਹ ਤੀਜੀ ਕਿਤਾਬ ਹੈ। ਸਾਬਕਾ ਬੀਪੀਈਓ ਸਾਧੂ ਸਿੰਘ ਨੇ ਕਿਹਾ ਕਿ ਬਾਲ ਸਾਹਿਤ ਲਿਖਣਾ ਹਰ ਲੇਖਕ ਦੇ ਹਿੱਸੇ ਨਹੀਂ ਆਉਂਦਾ। ਉਨ੍ਹਾਂ ਨੇ ਸੁਖਰਾਮ ਨੂੰ ਵਧੀਆ ਬਾਲ ਸਾਹਿਤ ਲਿਖਣ ’ਤੇ ਮੁਬਾਰਕ ਦਿੱਤੀ। ਮੁੱਖ ਮਹਿਮਾਨ ਅਤੇ ਕਹਾਣੀਕਾਰ ਜਤਿੰਦਰ ਹਾਂਸ ਨੇ ਕਿਹਾ ਕਿ ਲੋਕ ਅਰਪਣ ਕੀਤੀ ਕਿਤਾਬ ਦੀ ਕਹਾਣੀ ਤਿੰਨ ਭਰਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਲੇਖਕ ਸੁਖਰਾਮ ਨੇ ਦੱਸਿਆ ਕਿ ਪਹਿਲਾਂ ਉਸ ਨੇ ਕਵਿਤਾ ਅਤੇ ਫਿਰ ਬਾਲ ਕਹਾਣੀ ’ਤੇ ਹੱਥ ਅਜਮਾਇਸ਼ ਕੀਤੀ। ਇਸ ਮੌਕੇ ਸੁਖਵੰਤ ਕੁਹਾੜਾ, ਸੀਐਚਟੀ ਰਮਿੰਦਰ ਸਿੰਘ, ਸੀਐਚਟੀ ਕਿਰਨਜੀਤ ਕੌਰ, ਹਰਵਿੰਦਰ ਸਿੰਘ ਚਹਿਲ, ਕਰਨੈਲ ਸਿੰਘ, ਕਸ਼ਮੀਰ ਸਿੰਘ, ਨੀਨਾ ਸ਼ਰਮਾ, ਸੁਖਪਾਲ ਸਿੰਘ, ਅਮਰਜੀਤ ਸਿੰਘ ਅਤੇ ਲੇਖਕ ਦੀ ਪਤਨੀ ਕਮਲੇਸ਼ ਰਾਣੀ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।