ਘੁਮਿਆਰੀ ਵਾਲਾ ਸਕੂਲ ’ਚ ਐੱਫਐੱਲਐੱਨ ਮੇਲਾ
ਪੱਤਰ ਪ੍ਰੇਰਕ
ਮੱਲਾਂਵਾਲਾ, 25 ਮਾਰਚ
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਅੱਜ ਪੰਜਾਬ ਦੇ ਸਮੂਹ ਪ੍ਰਾਈਮਰੀ ਸਕੂਲਾਂ ਵਿੱਚ ਐੱਫਐੱਲਐੱਨ ਮੇਲੇ ਕਰਵਾਏ ਗਏ, ਜਿਨ੍ਹਾਂ ਦਾ ਮਕਸਦ ਸਰਕਾਰ ਦੁਆਰਾ ਸਕੂਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਛੋਟੇ ਬੱਚਿਆਂ ਨੂੰ ਪੜ੍ਹਾਉਣ ਦੀ ਵਿਧੀ ਅਤੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕਰਨਾ ਹੈ। ਇਸੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਘੁਮਿਆਰੀ ਵਾਲਾ ਵਿੱਚ ਬੀਪੀਓ ਹਰਜੀਤ ਕੌਰ ਦੀ ਅਗਵਾਈ ਵਿੱਚ ਮੇਲਾ ਕਰਵਾਇਆ ਗਿਆ ਜਿਸ ਵਿੱਚ ਜਿੱਥੇ ਪਿੰਡ ਵਾਸੀ ਪਹੁੰਚੇ ਉੱਥੇ ਹੀ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲਰ ਜੱਸ ਧੰਜੂ ਪਹੁੰਚੇ। ਪਿੰਡ ਵਾਸੀਆਂ ਨੇ ਮੁੱਖ ਅਧਿਆਪਕ ਦਲਜੀਤ ਸਿੰਘ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਸਕੂਲ ਮੁਖੀ ਦਲਜੀਤ ਸਿੰਘ ਨੇ ਹਾਜ਼ਰੀਨ ਨੂੰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਮੁਫਤ ਕਿਤਾਬਾਂ, ਵਰਦੀਆਂ, ਵਜ਼ੀਫੇ ਆਦਿ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਸਰਕਾਰੀ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੀਐੱਚਟੀ ਸੁਨੀਲ ਕੁਮਾਰ, ਲਖਵਿੰਦਰ ਸਿੰਘ ਭੁੱਲਰ, ਜੈਪਾਲ ਉੱਪਲ, ਮੈਡਮ ਰਾਜਵੰਤ ਕੌਰ, ਬਿਮਲਾ ਰਾਣੀ, ਅਨਵਰ ਮਸੀਹ ਆਦਿ ਮੌਜੂਦ ਸਨ।