ਮੌਸਮ ਦਾ ਮਿਜ਼ਾਜ: ਪਹਾੜਾਂ ’ਤੇ ਬਰਫ਼ਬਾਰੀ ਕਾਰਨ ਮੈਦਾਨਾਂ ’ਚ ਤਾਪਮਾਨ ਡਿੱਗਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਮਾਰਚ
ਪਹਾੜੀ ਖੇਤਰਾਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 5 ਤੋਂ 7 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਦੋ ਦਿਨ ਪਹਿਲਾਂ ਜਿਹੜੇ ਲੋਕ ਗਰਮੀ ਮਹਿਸੂਸ ਕਰਨ ਲੱਗੇ ਸਨ, ਉਹ ਕੱਲ੍ਹ ਤੋਂ ਹੁਣ ਅਚਾਨਕ ਠੰਢੇ ਹੋਏ ਮੌਸਮ ਦਾ ਲੁਤਫ਼ ਲੈ ਰਹੇ ਹਨ। ਮੌਸਮ ਮਹਿਕਮੇ ਅਨੁਸਾਰ ਅਜਿਹਾ ਮੌਸਮ ਇੱਕ ਦਿਨ ਹੋਰ ਰਹਿ ਸਕਦਾ ਹੈ ਅਤੇ ਸੋਮਵਾਰ ਅਤੇ ਮੰਗਲਵਾਰ ਤੱਕ ਮੁੜ ਤਾਪਮਾਨ 35-36 ਡਿਗਰੀ ਸੈਲਸੀਅਸ ਤਕ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਅੱਜ ਅਤੇ ਕੱਲ੍ਹ ਮਾਨਸਾ ਸਮੇਤ ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ 28 ਅਤੇ 29 ਡਿਗਰੀ ਸੈਂਟੀਗਰੇਡ ਤਾਪਮਾਨ ਬਣਿਆ ਰਿਹਾ ਹੈ।
ਜਾਣਕਾਰੀ ਅਨੁਸਾਰ ਮਾਨਸਾ ਸਮੇਤ ਬਠਿੰਡਾ, ਸੰਗਰੂਰ, ਬਰਨਾਲਾ, ਫਾਜ਼ਿਲਕਾ, ਮੁਕਤਸਰ, ਮੋਗਾ, ਫ਼ਰੀਦਕੋਟ, ਫਿਰੋਜ਼ਪੁਰ ਤੇ ਇਸ ਖੇਤਰ ਨਾਲ ਲੱਗਦੇ ਹਰਿਆਣਾ ਦੇ ਸਿਰਸਾ, ਫਤਿਆਬਾਦ ਤੇ ਹਿਸਾਰ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਮੌਸਮ ਠੰਢਾ ਰਿਹਾ।
ਮੌਸਮ ਮਹਿਕਮੇ ਅਨੁਸਾਰ ਭਾਵੇਂ 30-31 ਮਾਰਚ ਤੋਂ ਬਾਅਦ ਤਾਪਮਾਨ ਵਿੱਚ 5 ਤੋਂ 7 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ, ਪਰ ਮਹਿਕਮੇ ਦਾ ਇਹ ਵੀ ਕਹਿਣਾ ਹੈ ਕਿ ਇਸ ਦੌਰਾਨ ਮਾਲਵਾ ਖੇਤਰ ਦੇ ਕੁੱਝ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਰਕੇ ਜਿਹੜੀਆਂ ਕਣਕਾਂ ਨੂੰ ਤਾਜ਼ਾ ਪਾਣੀ ਲੱਗਿਆ ਹੈ, ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋਂ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਘੱਟ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਲਈ ਲਗਾਤਾਰ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੱਤੀ ਗਈ ਸੀ, ਜਿਸ ਕਾਰਨ ਕਿਸਾਨ ਆਪਣੀ ਫ਼ਸਲ ਦਾ ਝਾੜ ਸਥਿਰ ਰੱਖਣ ਲਈ ਪਾਣੀ ਲਾਉਣ ਵਿੱਚ ਰੁੱਝੇ ਹੋਏ ਸਨ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਮੌਸਮ ਦੇ ਮਿਜ਼ਾਜ ਨੂੰ ਵੇਖ ਕੇ ਹੀ ਕਿਸਾਨ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਨੂੰ ਪਾਣੀ ਲਾਉਣਾ। ਉਨ੍ਹਾਂ ਕਿਹਾ ਕਿ ਭਾਵੇਂ ਦੋ ਦਿਨ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਵਿੱਚ ਠੰਢਾ ਹੈ, ਪਰ ਹੁਣ ਸੋਮਵਾਰ ਤੋਂ ਮੁੜ ਤਾਪਘਰ ਵਿੱਚ ਵਾਧਾ ਹੋ ਜਾਵੇਗਾ, ਜਿਸ ਕਰਕੇ ਪਛੇਤੀਆਂ ਕਣਕਾਂ ਨੂੰ ਪਾਣੀ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਸਰ੍ਹੋਂ ਦੀ ਵਾਢੀ ਕੀਤੀ ਹੈ, ਉਹ ਤੇਜ਼ ਹਵਾਵਾਂ ਦਾ ਧਿਆਨ ਰੱਖ ਕੇ ਭਰੀਆਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਹੀ ਘਰਾਂ ਨੂੰ ਆਉਣ।