ਈਦ-ਉਲ-ਫ਼ਿਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 31 ਮਾਰਚ
ਇੱਥੋਂ ਦੀ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫ਼ਿਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਈਚਾਰੇ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਗਲੇ ਲੱਗ ਕੇ ਵਧਾਈ ਦਿੱਤੀ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਈਦਾਂ, ਦੀਵਾਲੀਆਂ, ਗੁਰਪੁਰਬ, ਸੰਗਰਾਂਦ ਤਿਉਹਾਰ ਤੇ ਧਰਮ ਸਾਂਝੇ ਹਨ। ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਜਲਦ ਹੀ ਮਸਜਿਦ ਬਾਰੇ ਜੋ ਮੰਗ ਨੁਮਾਇੰਦਿਆਂ ਵੱਲੋਂ ਰੱਖੀ ਗਈ ਹੈ ਉਸ ਬਾਰੇ ਵਕਫ ਬੋਰਡ ਤੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰ ਕੇ ਪੂਰੀ ਕੀਤੀ ਜਾਵੇਗੀ। ਇਸ ਦੌਰਾਨ ਭਾਈਚਾਰੇ ਵੱਲੋਂ ਸੁੱਖ-ਸ਼ਾਂਤੀ ਲਈ ਦੁਆ ਕੀਤੀ ਗਈ। ਇਸ ਮੌਕੇ ਜੈਰਾਜ ਸਿੰਘ ਬਰਾੜ ਫੱਤਣਵਾਲਾ, ਬਲਦੇਵ ਸਿੰਘ ਵੜਿੰਗ, ਰੂਬੀ ਬਰਾੜ, ਮਨਿੰਦਰ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਕਮਰਾ ਅਤੇ ਸੁਖਰਾਜ ਸਿੰਘ ਉਦੇਕਰਨ ਵੀ ਹਾਜ਼ਰ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਸਰਵ ਸਾਂਝੀਵਾਲਤਾ ਦਾ ਸਬੂਤ ਦਿੰਦਿਆਂ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਗਿਆ, ਜਿਸ ਦੌਰਾਨ ਇਕੱਠੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਈਦ ਦੀ ਨਮਾਜ਼ ਅਦਾ ਕਰਵਾਈ ਤੇ ਮੁਲਕ ਦੀ ਏਕਤਾ ਅਤੇ ਸਲਾਮਤੀ ਲਈ ਦੁਆ ਕੀਤੀ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਜੁੜੇ ਇਕੱਠ ਦੌਰਾਨ ਮੁਕਾਬਰਬਾਦ ਦਿੱਤੀ। ਇਸ ਮੌਕੇ ਚਰਨਜੀਤ ਸਿੰਘ ਅੱਕਾਂਵਾਲੀ, ਡਾ. ਜਨਕ ਰਾਜ ਸਿੰਗਲਾ, ਬਿੱਕਰ ਸਿੰਘ ਮਘਾਣੀਆਂ, ਹੰਸ ਰਾਜ ਮੋਫ਼ਰ, ਓਮ ਪ੍ਰਕਾਸ਼,ਨਰੇਸ਼ ਬਿਰਲਾ ਤੇ ਜਗਸੀਰ ਸਿੰਘ ਵੀ ਮੌਜੂਦ ਸਨ।
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਸ਼ਹਿਰ ਦੀ ਵੱਡੀ ਈਦਗਾਹ ਆਵਾ ਬਸਤੀ ਅਤੇ ਹਾਜ਼ੀ ਰਤਨ ਦਰਗਾਹ ’ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇੱਥੇ ਹਾਜ਼ਰੀ ਲਾਈ ਅਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਲੀਮ ਖਾਨ, ਨੂਰ ਮੁਹੰਮਦ ਅਤੇ ਕੈਸ਼ੀਅਰ ਇਮਰਾਨ ਅਹਿਮਦ ਦੀ ਅਗਵਾਈ ਹੇਠ ਮੌਲਵੀ ਰਮਜ਼ਾਨ ਅਸ਼ਰਫ ਵੱਲੋਂ ਨਮਾਜ਼ ਅਦਾ ਕਰਵਾਈ ਗਈ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਈਦ-ਉਲ-ਫ਼ਿਤਰ ਦਾ ਤਿਉਹਾਰ ਮਹਿਲ ਕਲਾਂ ਹਲਕੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਲਗਭਗ ਸਾਰੇ ਹੀ ਪਿੰਡਾਂ ਵਿੱਚੋਂ ਇਸ ਤਿਉਹਾਰ ਮੌਕੇ ਭਾਈਚਾਰਕ ਸਾਂਝ ਦੇ ਸੁਨੇਹੇ ਦੀ ਬਾਤ ਪਾਈ ਗਈ। ਮਹਿਲ ਕਲਾਂ ਤੋਂ ਇਲਾਵਾ ਪਿੰਡ ਚੀਮਾ, ਬੀਹਲਾ, ਟੱਲੇਵਾਲ, ਦੀਵਾਨਾ ਸਮੇਤ ਅਨੇਕਾਂ ਪਿੰਡਾਂ ਵਿੱਚ ਈਦ ਮਨਾਈ ਗਈ। ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਈਦ ਦੀ ਨਮਾਜ਼ ਅਦਾ ਕੀਤੀ। ਉਥੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਈਦ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਪਿਆਰ ਮੁਹੱਬਤ ਸੁਨੇਹਾ ਦਿੱਤਾ। ਇਸ ਮੌਕੇ ਗਰੀਬਾਂ ਅਤੇ ਲੋੜਵੰਦਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ। ਜਦਕਿ ਮਿਠਾਈ ਦੇ ਲੰਗਰ ਵੀ ਲਗਾਏ ਗਏ। ਪਿੰਡ ਚੀਮਾ ਵਿਖੇ ਸਮਾਜ ਸੇਵੀ ਡਾ. ਬੱਬੂ ਵੜੈਚ ਨੇ ਕਿਹਾ ਕਿ ਸਭ ਨੇ ਈਦ ਮੌਕੇ ਆਪਸੀ ਭਾਈਚਾਰੇ, ਮਿਲਵਤਨ ਅਤੇ ਏਕਤਾ ਦਾ ਸੁਨੇਹਾ ਦਿੱਤਾ ਹੈ। ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਇਕ-ਦੂਜੇ ਦੀ ਸਹਾਇਤਾ, ਪਿਆਰ ਅਤੇ ਮਿਲਾਪ ਹੀ ਈਦ ਦਾ ਅਸਲੀ ਪੈਗ਼ਾਮ ਹੈ। ਸੂਬਾਈ ਮੁਸਲਿਮ ਆਗੂ ਡਾ. ਮਿੱਠੂ ਮੁਹੰਮਦ ਨੇ ਈਦ ਦੇ ਮੌਕੇ ਪਹੁੰਚੇ ਵੱਖ-ਵੱਖ ਆਗੂਆਂ ਦਾ ਧੰਨਵਾਦ ਕੀਤਾ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣਾ ਵਿੱਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਥਾਨਕ ਦੋਵੇਂ ਮਸਜਿਦਾਂ ਵਿੱਚ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਉਚੇਚੇ ਤੌਰ ’ਤੇ ਪੁੱਜੇ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਜਾਮਾ ਮਸਜਿਦ ਕੋਠਾ ਗੁਰੂ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕਰਦੇ ਹੋਏ ਰਮਜ਼ਾਨ ਦੇ ਮਹੀਨੇ ਦੇ ਰੋਜ਼ਿਆਂ ਦੀ ਸਫਲਤਾ ਨਾਲ ਖਤਮ ਹੋਣ ਤੇ ਰੱਬ ਦਾ ਸ਼ੁਕਰਾਨਾ ਕੀਤਾ। ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਰਾਵਾਂ ਨੂੰ ਈਦ ਦੀ ਵਧਾਈ ਦਿੱਤੀ। ਮੁਸਲਿਮ ਸਮਾਜ ਸੁਧਾਰ ਕਮੇਟੀ ਜ਼ਿਲ੍ਹਾ ਬਠਿੰਡਾ ਦੇ ਚੇਅਰਮੈਨ ਡਾ. ਸੋਮ ਖਾਨ ਕੋਠਾ ਗੁਰੂ ਅਤੇ ਮਸਜਿਦ ਦੇ ਇਮਾਮ ਮੁਹੰਮਦ ਸ਼ੁਕੀਨ ਨੇ ਕਿਹਾ ਕਿ ਈਦ ਪਵਿੱਤਰ ਤਿਉਹਾਰ ਹੈ ਅਤੇ ਇਹ ਤਿਉਹਾਰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਬਸ਼ੀਰ ਖਾਨ, ਰਾਣਾ ਖਾਨ, ਵਕੀਲ ਖਾਨ, ਡਾਕਟਰ ਮੁਹੰਮਦ ਕੈਫ, ਪੱਪੂ ਖਾਨ, ਜੱਗਾ ਖਾਨ, ਸਲੀਮ ਖਾਨ, ਮੁਹੰਮਦ ਫੈਜਾਨ, ਮੰਨਤ ਖਾਨ ਆਦਿ ਹਾਜ਼ਰ ਸਨ।